ਚੰਡੀਗੜ੍ਹ, 31 ਅਕਤੂਬਰ: ਮੰਡੀ ਗੋਬਿੰਦਗੜ੍ਹ ਰਿਸ਼ਵਤ ਮਾਮਲੇ ਵਿਚ ਫਸੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ ਗਈ ਹੈ। ਭੁੱਲਰ ਅੱਜ ਵੀਡੀਓ ਕਾਨਫਰੰਸ ਰਾਹੀਂ ਸੀ.ਬੀ.ਆਈ. ਅਦਾਲਤ ‘ਚ ਪੇਸ਼ ਹੋਏ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਫਿਰ ਜੁਡਿਸ਼ੀਅਲ ਕਸਟਡੀ ਵਿਚ ਭੇਜਣ ਦੇ ਹੁਕਮ ਦਿੱਤੇ।
ਇਹ ਮਾਮਲਾ ਉਸ ਵੇਲੇ ਸੁਰਖੀਆਂ ‘ਚ ਆਇਆ ਸੀ ਜਦੋਂ ਸੀ.ਬੀ.ਆਈ. ਨੇ ਭੁੱਲਰ ‘ਤੇ ਮੰਡੀ ਗੋਬਿੰਦਗੜ੍ਹ ਦੇ ਇੱਕ ਉਦਯੋਗਪਤੀ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈਣ ਅਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਲਗਾਏ ਸਨ। ਏਜੰਸੀ ਪਹਿਲਾਂ ਹੀ ਭੁੱਲਰ ਦੇ ਕਥਿਤ ਵਿਚੋਲੇ ਕ੍ਰਿਸ਼ਨੂ ਤੋਂ ਪੁੱਛਗਿੱਛ ਕਰ ਚੁੱਕੀ ਹੈ ਤੇ ਹੁਣ ਭੁੱਲਰ ਦੇ ਵਿੱਤੀ ਲੈਣ-ਦੇਣ, ਕਾਰੋਬਾਰੀ ਸਬੰਧਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਸੰਪਰਕਾਂ ਦੀ ਜਾਂਚ ਕਰ ਰਹੀ ਹੈ।
ਭੁੱਲਰ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਦੀ ਜਾਇਦਾਦ ਉਹਨਾਂ ਦੀ ਨੌਕਰੀ ਤੋਂ ਪਹਿਲਾਂ ਦੀ ਹੈ ਤੇ ਸੀ.ਬੀ.ਆਈ. ਵੱਲੋਂ ਰਿਮਾਂਡ ਦੀ ਮੰਗ ਨਾ ਹੋਣ ਕਰਕੇ ਕੇਸ ਦਾ ਕੋਈ ਨਵਾਂ ਆਧਾਰ ਨਹੀਂ ਬਣਦਾ। ਵਕੀਲ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫਵਾਹਾਂ ਨਾਲ ਭੁੱਲਰ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਉੱਤੇ ਅਦਾਲਤ ਨੂੰ ਹਸਤਕਸ਼ੇਪ ਕਰਨਾ ਚਾਹੀਦਾ ਹੈ।
ਸੀ.ਬੀ.ਆਈ. ਹੁਣ ਮਾਮਲੇ ਨਾਲ ਸੰਬੰਧਤ ਹੋਰ ਸਬੂਤ ਇਕੱਠੇ ਕਰ ਰਹੀ ਹੈ ਅਤੇ 14 ਨਵੰਬਰ ਨੂੰ ਭੁੱਲਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਮਾਮਲਾ ਰਾਜ ਦੀ ਪੁਲਿਸ ਵਿਵਸਥਾ ਤੇ ਰਿਸ਼ਵਤਖੋਰੀ ਖਿਲਾਫ਼ ਚੱਲ ਰਹੀ ਕਾਰਵਾਈ ਵਿੱਚ ਇੱਕ ਮਹੱਤਵਪੂਰਨ ਮੋੜ ਵਜੋਂ ਦੇਖਿਆ ਜਾ ਰਿਹਾ ਹੈ।







