Homeਪਟਿਆਲਾ ਅਪਡੇਟਪਟਿਆਲਾ ਆਰਟੀਓ ਸੇਵਾਵਾਂ ਹੋਈਆਂ ਪੂਰੀ ਤਰ੍ਹਾਂ ਫੇਸਲੈੱਸ — ਡਾ. ਪ੍ਰੀਤੀ ਯਾਦਵ

ਪਟਿਆਲਾ ਆਰਟੀਓ ਸੇਵਾਵਾਂ ਹੋਈਆਂ ਪੂਰੀ ਤਰ੍ਹਾਂ ਫੇਸਲੈੱਸ — ਡਾ. ਪ੍ਰੀਤੀ ਯਾਦਵ

ਸੇਵਾ ਕੇਂਦਰ ਵਿਖੇ ਸ਼ੁਰੂ ਹੋਈਆਂ ਟਰਾਂਸਪੋਰਟ ਵਿਭਾਗ ਦੀਆਂ 56 ਸੇਵਾਵਾਂ ਦਾ ਜਾਇਜ਼ਾ


ਪਟਿਆਲਾ, 30 ਅਕਤੂਬਰ (ਰਾਜੇਸ਼ ਕੁਮਾਰ) : ਪੰਜਾਬ ਸਰਕਾਰ ਨੇ ਸੂਬੇ ਦੇ ਟਰਾਂਸਪੋਰਟ ਵਿਭਾਗ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਭ੍ਰਿਸ਼ਟਾਚਾਰ ਨੂੰ ਜੜੋਂ ਸਮੇਤ ਖਤਮ ਕਰਨ ਵੱਲ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਹੁਣ ਰਾਜ ਦੀਆਂ ਜ਼ਿਆਦਾਤਰ ਆਰਟੀਓ ਸੇਵਾਵਾਂ ਪੂਰੀ ਤਰ੍ਹਾਂ ਫੇਸਲੈੱਸ ਅਤੇ ਡਿਜੀਟਲ ਪ੍ਰਣਾਲੀ ਰਾਹੀਂ ਉਪਲਬਧ ਹੋਣਗੀਆਂ।

ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੇਵਾ ਕੇਂਦਰਾਂ ਦਾ ਜਾਇਜ਼ਾ ਲੈਂਦਿਆਂ ਡਾ. ਯਾਦਵ ਨੇ ਕਿਹਾ ਕਿ ਹੁਣ ਨਾਗਰਿਕਾਂ ਨੂੰ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ ਜਾਂ ਹੋਰ ਟਰਾਂਸਪੋਰਟ ਸਬੰਧੀ ਕੰਮਾਂ ਲਈ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਇਹ ਸਾਰੀਆਂ ਸਹੂਲਤਾਂ ਹੁਣ ਸੇਵਾ ਕੇਂਦਰਾਂ ਅਤੇ ਔਨਲਾਈਨ ਪਲੇਟਫਾਰਮਾਂ ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਪਹਿਲਾਂ 28 ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮਿਲਦੀਆਂ ਸਨ, ਜਦਕਿ ਹੁਣ 28 ਹੋਰ ਸੇਵਾਵਾਂ ਵੀ ਜੋੜੀ ਗਈਆਂ ਹਨ। ਇਸ ਤਰ੍ਹਾਂ ਕੁੱਲ 56 ਆਰਟੀਓ ਸੇਵਾਵਾਂ ਹੁਣ ਪੂਰੀ ਤਰ੍ਹਾਂ ਡਿਜੀਟਲ ਹੋ ਗਈਆਂ ਹਨ।

ਆਰਟੀਓ ਬਬਨਦੀਪ ਸਿੰਘ ਵਾਲੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਹੁਣ ਆਪਣੇ ਵਾਹਨ ਦੀ ਰਜਿਸਟ੍ਰੇਸ਼ਨ, ਟ੍ਰਾਂਸਫਰ, ਐਡਰੈੱਸ ਬਦਲਾਅ, ਡੁਪਲੀਕੇਟ ਆਰਸੀ ਜਾਰੀ ਕਰਨ ਜਾਂ ਹਾਈਪੋਥੀਕੇਸ਼ਨ ਜੋੜਨ ਤੇ ਹਟਾਉਣ ਵਰਗੇ ਕੰਮ ਬਿਨਾਂ ਦਫਤਰ ਗਏ ਕਰ ਸਕਣਗੇ। ਸਾਰੀਆਂ ਪ੍ਰਕਿਰਿਆਵਾਂ ਦੀ ਸਥਿਤੀ ਔਨਲਾਈਨ ਟਰੈਕ ਕੀਤੀ ਜਾ ਸਕੇਗੀ, ਅਤੇ ਬਿਨੈਕਾਰਾਂ ਨੂੰ ਤੁਰੰਤ ਰਸੀਦ ਅਤੇ ਅਪਡੇਟ ਪ੍ਰਾਪਤ ਹੋਵੇਗੀ।

ਡਾ. ਯਾਦਵ ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਹੁਣ ਏਜੰਟਾਂ ਅਤੇ ਵਿਚੋਲਿਆਂ ਦਾ ਦਖਲ ਖਤਮ ਹੋ ਜਾਵੇਗਾ, ਜਿਸ ਨਾਲ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਵੱਡੀ ਮਦਦ ਮਿਲੇਗੀ। ਉਨ੍ਹਾਂ ਕਿਹਾ, “ਹੁਣ ਲੋਕਾਂ ਨੂੰ ਨਾ ਕਤਾਰਾਂ ਵਿੱਚ ਖੜ੍ਹਾ ਹੋਣਾ ਪਵੇਗਾ, ਨਾ ਹੀ ਕਿਸੇ ਅਧਿਕਾਰੀ ਨੂੰ ਮਿਲਣ ਲਈ ਭਟਕਣਾ ਪਵੇਗੀ। ਸਾਰਾ ਕੰਮ ਆਸਾਨੀ ਨਾਲ ਔਨਲਾਈਨ ਜਾਂ ਸੇਵਾ ਕੇਂਦਰਾਂ ’ਤੇ ਹੀ ਹੋ ਜਾਵੇਗਾ।”

ਆਰਟੀਓ ਵਾਲੀਆ ਨੇ ਇਹ ਵੀ ਦੱਸਿਆ ਕਿ ਹੁਣ ਵਾਹਨ ਫਿਟਨੈਸ ਸਰਟੀਫਿਕੇਟ, ਟੈਕਸੀਆਂ ਅਤੇ ਬੱਸਾਂ ਲਈ ਪਰਮਿਟ, ਰੋਡ ਟੈਕਸ ਅਤੇ ਗ੍ਰੀਨ ਟੈਕਸ ਭੁਗਤਾਨ ਦੀਆਂ ਸੇਵਾਵਾਂ ਵੀ ਡਿਜੀਟਲ ਤਰੀਕੇ ਨਾਲ ਹੋਣਗੀਆਂ। ਇਸ ਤੋਂ ਇਲਾਵਾ, ਫੈਂਸੀ ਨੰਬਰਾਂ ਦੀ ਬੋਲੀ ਅਤੇ ਨੰਬਰ ਪਲੇਟ ਜਾਰੀ ਕਰਨ ਦੀ ਪ੍ਰਕਿਰਿਆ ਵੀ ਸੇਵਾ ਕੇਂਦਰਾਂ ’ਤੇ ਹੀ ਪੂਰੀ ਕੀਤੀ ਜਾ ਸਕੇਗੀ।

ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ — ਜਿਵੇਂ ਕਿ ਲਰਨਿੰਗ ਲਾਇਸੈਂਸ, ਸਥਾਈ ਲਾਇਸੈਂਸ, ਨਵੀਨੀਕਰਨ, ਡੁਪਲੀਕੇਟ ਲਾਇਸੈਂਸ, ਪਤਾ ਬਦਲਾਅ ਤੇ ਅੰਤਰਰਾਸ਼ਟਰੀ ਪਰਮਿਟ — ਹੁਣ ਫੇਸਲੈੱਸ ਪ੍ਰਣਾਲੀ ਵਿੱਚ ਸ਼ਾਮਲ ਹਨ। ਸੇਵਾ ਕੇਂਦਰਾਂ ’ਤੇ ਤਾਇਨਾਤ ਤਰਬੀਅਤਯਾਫਤਾ ਕਰਮਚਾਰੀ ਬਿਨੈਕਾਰਾਂ ਨੂੰ ਦਸਤਾਵੇਜ਼ ਅਪਲੋਡ ਕਰਨ, ਫੀਸ ਜਮ੍ਹਾਂ ਕਰਵਾਉਣ ਅਤੇ ਅਰਜ਼ੀ ਦੀ ਸਥਿਤੀ ਜਾਣਨ ਵਿੱਚ ਮਦਦ ਕਰਨਗੇ।

ਅੰਤ ਵਿੱਚ, ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਹ ਕਦਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਦ੍ਰਿਸ਼ਟੀ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ, “ਹੁਣ ਟਰਾਂਸਪੋਰਟ ਵਿਭਾਗ ਪਾਰਦਰਸ਼ਤਾ, ਤੇਜ਼ੀ ਅਤੇ ਲੋਕ-ਹਿਤ ਦੇ ਮਿਆਰਾਂ ’ਤੇ ਖਰਾ ਉਤਰਦਾ ਦਿਖਾਈ ਦੇਵੇਗਾ ।”

RELATED ARTICLES
- Advertisment -
Google search engine
Google search engine
Google search engine

Most Popular

Recent Comments