ਮੋਗਾ, 30 ਅਕਤੂਬਰ (ਜਗਦੇਵ ਰੰਚਨਾਂ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਅੱਜ ਮੋਗਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ‘ਤੇ ਵਿਚਾਰ-ਵਟਾਂਦਰਾ ਕੀਤਾ। ਕੈਪਟਨ ਨੇ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਸਥਿਰਤਾ ਲਈ ਭਾਜਪਾ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ।
ਮੀਟਿੰਗ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰਾਂ ‘ਤੇ ਸਿੱਧੇ ਤੀਖੇ ਹਮਲੇ ਕੀਤੇ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਨੇ ਕਿਹਾ, “ਮੇਰੀ ਸਰਕਾਰ ਦੌਰਾਨ ਉਹ ਤਿੰਨ ਵਿਭਾਗਾਂ ਦੇ ਮੰਤਰੀ ਸਨ, ਪਰ ਸੱਤ-ਸੱਤ ਦਿਨਾਂ ਤੱਕ ਫਾਈਲਾਂ ਕਲੀਅਰ ਨਹੀਂ ਹੁੰਦੀਆਂ ਸਨ।” ਰਾਜਾ ਵੜਿੰਗ ਬਾਰੇ ਉਨ੍ਹਾਂ ਕਿਹਾ ਕਿ “ਉਸਦਾ ਵਿਹਾਰ ਸਭ ਦੇ ਸਾਹਮਣੇ ਹੈ, ਲੋਕ ਖੁਦ ਵੇਖ ਰਹੇ ਹਨ ਕਿ ਉਹ ਕੀ ਕਰ ਰਿਹਾ ਹੈ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰੀਰਕ ਸਮੱਸਿਆਵਾਂ ਕਾਰਨ ਕੁਝ ਸਮੇਂ ਲਈ ਰਾਜਨੀਤੀ ਤੋਂ ਦੂਰ ਰਹੇ, ਪਰ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਮੁੜ ਚੋਣ ਮੈਦਾਨ ਵਿੱਚ ਵਾਪਸੀ ਕਰ ਰਹੇ ਹਨ। ਉਨ੍ਹਾਂ ਦ੍ਰਿੜਤਾ ਨਾਲ ਕਿਹਾ — “ਮੈਂ ਮੈਦਾਨ ਵਿੱਚ ਵਾਪਸ ਆਇਆ ਹਾਂ ਤੇ ਫਤਿਹ ਕਰਕੇ ਹੀ ਛੱਡਾਂਗਾ।”
ਉਨ੍ਹਾਂ ਨੇ ਦਾਅਵਾ ਕੀਤਾ ਕਿ ਲੋਕਾਂ ਦਾ ਭਾਜਪਾ ਪ੍ਰਤੀ ਰੁਝਾਨ ਵੱਧ ਰਿਹਾ ਹੈ। “ਪੰਜਾਬੀ ਹੁਣ ਭਾਜਪਾ ਦੇ ਵਿਕਾਸਕਾਰੀ ਐਜੰਡੇ ਨੂੰ ਸਮਝ ਰਹੇ ਹਨ, 2027 ਦੀਆਂ ਚੋਣਾਂ ਵਿੱਚ ਇਹ ਬਦਲਾਅ ਸਾਫ਼ ਤੌਰ ‘ਤੇ ਨਜ਼ਰ ਆਵੇਗਾ,” ਕੈਪਟਨ ਨੇ ਕਿਹਾ।
ਅਕਾਲੀ ਦਲ ਨਾਲ ਸੰਭਾਵੀ ਗੱਠਜੋੜ ਬਾਰੇ ਪੁੱਛੇ ਸਵਾਲ ‘ਤੇ ਕੈਪਟਨ ਨੇ ਕਿਹਾ ਕਿ ਇਸ ਬਾਰੇ ਅੰਤਿਮ ਫੈਸਲਾ ਪਾਰਟੀ ਹਾਈ ਕਮਾਂਡ ਹੀ ਲਵੇਗੀ। ਉਨ੍ਹਾਂ ਕਿਹਾ ਕਿ “ਮੋਦੀ ਜੀ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ। ਮੈਨੂੰ ਯਕੀਨ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੇ ਬਲਬੂਤੇ ‘ਤੇ ਚੋਣਾਂ ਜਿੱਤਣ ਦੀ ਸਮਰੱਥਾ ਰੱਖਦੀ ਹੈ।”








