ਵਿਦਿਆਰਥੀਆਂ ਨੇ ਫੋਟੋ ਕੈਪਸ਼ਨ ਮੁਕਾਬਲੇ ਨਾਲ ਦਿਖਾਈ ਰਚਨਾਤਮਕ ਪ੍ਰਤਿਭਾ
ਫਤਹਿਗੜ੍ਹ ਸਾਹਿਬ, 29 ਅਕਤੂਬਰ (ਛਤਰਪਾਲ ਸਿੰਘ): ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਵੱਲੋਂ ਵਿਸ਼ਵ ਵਿਕਾਸ ਸੂਚਨਾ ਦਿਵਸ ਨੂੰ ਸਮਰਪਿਤ ਇਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਸਮਝਣ ਦੀ ਸਮਰੱਥਾ ਦੀ ਪਰਖ ਲਈ ਫੋਟੋ ਕੈਪਸ਼ਨ ਲੇਖਣ ਮੁਕਾਬਲਾ ਕਰਵਾਇਆ ਗਿਆ, ਜਿਸਦਾ ਮਕਸਦ ਵਿਕਾਸ ਸੰਬੰਧੀ ਮੁੱਦਿਆਂ ’ਤੇ ਵਿਦਿਆਰਥੀਆਂ ਨੂੰ ਸੋਚਣ ਤੇ ਅਰਥਪੂਰਨ ਵਿਚਾਰ ਪ੍ਰਗਟਾਉਣ ਲਈ ਪ੍ਰੇਰਿਤ ਕਰਨਾ ਸੀ।

ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਵਿੱਚ ਨਾ ਸਿਰਫ਼ ਸਿੱਖਣ ਦੀ ਲਾਲਸਾ ਜਗਾਉਂਦੇ ਹਨ, ਸਗੋਂ ਉਨ੍ਹਾਂ ਵਿੱਚ ਸਮਾਜਿਕ ਜਾਗਰੂਕਤਾ ਅਤੇ ਵਿਸ਼ਵ ਪੱਧਰ ’ਤੇ ਵਾਪਰ ਰਹੀਆਂ ਘਟਨਾਵਾਂ ਨੂੰ ਸਮਝਣ ਦੀ ਸਮਰੱਥਾ ਵੀ ਵਿਕਸਤ ਕਰਦੇ ਹਨ।
ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਕਾਬਲਾ ਵਿਦਿਆਰਥੀਆਂ ਵਿੱਚ ਰਚਨਾਤਮਕ ਸੋਚ, ਵਿਸ਼ਲੇਸ਼ਣਾਤਮਕ ਦ੍ਰਿਸ਼ਟੀਕੋਣ ਅਤੇ ਸਮਾਜਿਕ ਸੰਵੇਦਨਸ਼ੀਲਤਾ ਪੈਦਾ ਕਰਨ ਦਾ ਸ਼ਾਨਦਾਰ ਮਾਧਿਅਮ ਸਾਬਤ ਹੋਇਆ ਹੈ।
ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਰੰਜਿਤਾ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਸੰਤੋਸ਼, ਵੈਦੇਹੀ, ਅਦਿੱਤਯ ਰੀ, ਜਸ਼ਨਪ੍ਰੀਤ ਸਿੰਘ, ਭਵਨੀਤ ਕੌਰ ਅਤੇ ਕਿਰਨਜੋਤ ਕੌਰ ਨੇ ਆਪਣੀ ਕਲਾ ਤੇ ਵਿਚਾਰਸ਼ੀਲਤਾ ਨਾਲ ਸਭ ਦਾ ਮਨ ਮੋਹ ਲਿਆ।
ਇਸ ਮੌਕੇ ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਲਵਨੀਤ ਵਸ਼ਿਸ਼ਠ, ਪ੍ਰੋ. ਨਾਦਿਸ਼ ਅਤੇ ਪ੍ਰੋ. ਅਮਨਦੀਪ ਕੌਰ ਵੀ ਮੌਜੂਦ ਸਨ। ਸਮਾਰੋਹ ਦਾ ਅੰਤ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਨਾਲ ਕੀਤਾ ਗਿਆ।








