ਤਲਵੰਡੀ ਸਾਬੋ, 29 ਅਕਤੂਬਰ (ਛਤਰਪਾਲ ਸਿੰਘ) : ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਅਤੇ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਇਤਿਹਾਸ ਦੀ ਸੱਚਾਈ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੇ ਵੱਡੀਆਂ ਸ਼ਹਾਦਤਾਂ ਦੇ ਕੇ ਇਤਿਹਾਸਕ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਵਾਏ ਸਨ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਇਸੀ ਉਦੇਸ਼ ਨਾਲ ਕੀਤੀ ਗਈ ਸੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਪੰਥਕ ਰੂਹ ਵਿੱਚ ਹੋਵੇ।
ਜਥੇਦਾਰ ਦਾਦੂਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਚੁਣੇ ਪ੍ਰਬੰਧਕ ਗੁਰਦੁਆਰਿਆਂ ਦੇ ਮਾਲਕ ਨਹੀਂ, ਸਗੋਂ ਸੇਵਾਦਾਰ ਹੁੰਦੇ ਹਨ, ਜਿਨ੍ਹਾਂ ਦਾ ਫ਼ਰਜ਼ ਹੈ ਕਿ ਸੱਚੀ ਇਤਿਹਾਸਕ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਮੇਟੀ ਦੇ ਅਧੀਨ ਅਦਾਰਿਆਂ ਵਿੱਚ ਝੂਠ ਪਰੋਸਿਆ ਜਾਣ ਲੱਗ ਪਿਆ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗੀ ਸੰਤ ਮੋਹਨ ਸਿੰਘ ਮਤਵਾਲਾ ਦੀ ਤਸਵੀਰ ਸਬੰਧੀ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕਿਸੇ ਵੀ ਮਹਾਪੁਰਖ ਦੀ ਤਸਵੀਰ ਲਗਾਉਣਾ ਗਲਤ ਨਹੀਂ, ਪਰ ਤਸਵੀਰ ਨਾਲ ਜੁੜੀ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਤਵਾਲਾ ਜੀ ਬਾਰੇ ਦਿੱਤੀ ਗਈ ਜਾਣਕਾਰੀ — ਜਿਵੇਂ ਕਿ ਉਨ੍ਹਾਂ ਦਾ ਜਨਮ ਪਿੰਡ ਤਿਲੋਕੇਵਾਲਾ (ਸਿਰਸਾ) ਵਿੱਚ ਹੋਇਆ ਤੇ ਉਨ੍ਹਾਂ ਨੇ ਗੁਰਮਤ ਵਿਦਿਆਲਾ ਚਲਾਇਆ — ਇਤਿਹਾਸਕ ਤੌਰ ‘ਤੇ ਗਲਤ ਹੈ।
ਦਾਦੂਵਾਲ ਨੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੀ ਜਾਂਚ ਕਰੇ ਅਤੇ ਗਲਤ ਜਾਣਕਾਰੀ ਨੂੰ ਤੁਰੰਤ ਦਰੁਸਤ ਕਰੇ। ਉਨ੍ਹਾਂ ਕਿਹਾ ਕਿ ਸਿੱਖ ਅਜਾਇਬ ਘਰ ਪੰਥਕ ਸੱਚਾਈ ਅਤੇ ਬਲਿਦਾਨਾਂ ਦਾ ਪ੍ਰਤੀਕ ਹੈ, ਇਸ ਲਈ ਉਸਨੂੰ ਝੂਠ ਤੇ ਵਿਵਾਦ ਦਾ ਕੇਂਦਰ ਨਹੀਂ ਬਣਨ ਦੇਣਾ ਚਾਹੀਦਾ।







