ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੇ ਬੀਜੇਪੀ, 80 ਫ਼ੀਸਦੀ ਫਸਲ ਅਜੇ ਵੱਢੀ ਵੀ ਨਹੀਂ — ਭਗਵੰਤ ਮਾਨ
ਚੰਡੀਗੜ੍ਹ, 29 ਅਕਤੂਬਰ (ਚੌਧਰੀ ਛਤਰਪਾਲ ਸਿੰਘ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਾਲੀ ਸਾੜਨ ਦੇ ਮਾਮਲੇ ‘ਤੇ ਇੱਕ ਵਾਰ ਫਿਰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੀਖ਼ਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਵਿਸ਼ਵ ਪੱਧਰ ‘ਤੇ ਜੰਗਾਂ ਨੂੰ ਰੋਕਣ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹਨ, ਤਾਂ ਪਰਾਲੀ ਸਾੜਨ ਦੇ ਮੁੱਦੇ ‘ਤੇ ਵੀ ਉਨ੍ਹਾਂ ਨੂੰ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਸਮੇਤ ਸਾਰੇ ਰਾਜਾਂ ਦੀ ਇਕੱਠੀ ਮੀਟਿੰਗ ਬੁਲਾਉਣੀ ਚਾਹੀਦੀ ਹੈ।
ਮਾਨ ਨੇ ਕਿਹਾ ਕਿ ਜੇ ਸਾਰੇ ਰਾਜਾਂ ਦੇ ਵਿਚਾਰ ਇਕੱਠੇ ਕਰਕੇ ਸਾਂਝਾ ਹੱਲ ਲੱਭਿਆ ਜਾਵੇ, ਤਾਂ ਇਹ ਸਮੱਸਿਆ ਖਤਮ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਬੇਵਜ੍ਹਾ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ, ਕਿਉਂਕਿ ਅਜੇ ਤੱਕ ਰਾਜ ਦੀ 70 ਤੋਂ 80 ਫ਼ੀਸਦੀ ਝੋਨੇ ਦੀ ਫਸਲ ਵੱਢੀ ਹੀ ਨਹੀਂ ਹੈ।
ਮੁੱਖ ਮੰਤਰੀ ਨੇ ਸਵਾਲ ਕੀਤਾ ਕਿ “ਜਦੋਂ ਅੱਗ ਲੱਗੀ ਹੀ ਨਹੀਂ, ਤਾਂ ਧੂੰਆ ਦਿੱਲੀ ਕਿਵੇਂ ਪਹੁੰਚਿਆ?” ਉਨ੍ਹਾਂ ਕਿਹਾ ਕਿ ਜੇ ਧੂੰਆ ਸੱਚਮੁੱਚ ਪਹੁੰਚਿਆ ਹੈ ਤਾਂ ਹਰਿਆਣਾ ਦਾ ਧੂੰਆ ਕਿਉਂ ਨਹੀਂ ਦਿਖਾਈ ਦਿੱਤਾ, ਜੋ ਦੇਸ਼ ਦੇ ਕੇਂਦਰ ਵਿੱਚ ਸਥਿਤ ਹੈ।
ਮਾਨ ਨੇ ਇੱਕ ਸੇਵਾਮੁਕਤ ਐਨਜੀਟੀ ਜੱਜ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਧੂੰਏਂ ‘ਤੇ ਪੰਜਾਬ ਦਾ ਟੈਗ ਲਗਾ ਦੇਣਾ ਨਾਇਨਸਾਫ਼ੀ ਹੈ, ਕਿਉਂਕਿ ਇਸ ਸਮੇਂ ਉੱਤਰ ਤੋਂ ਦੱਖਣ ਵੱਲ ਵਗਦੀਆਂ ਹਵਾਵਾਂ ਹੀ ਨਹੀਂ ਚੱਲ ਰਹੀਆਂ।
ਉਨ੍ਹਾਂ ਨੇ ਬੀਜੇਪੀ ਉੱਤੇ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਹਰ ਸਾਲ ਪਰਾਲੀ ਦੇ ਧੂੰਏ ਦੇ ਨਾਂ ‘ਤੇ ਪੰਜਾਬ ਅਤੇ ਕਿਸਾਨਾਂ ਨੂੰ ਬਦਨਾਮ ਕਰਦੀ ਹੈ। “ਸਾਡੇ ਅੰਨਦਾਤਾ ਦੇ ਆਤਮ-ਸਨਮਾਨ ਨਾਲ ਖੇਡਣਾ ਬੰਦ ਕੀਤਾ ਜਾਵੇ,” ਮਾਨ ਨੇ ਚੇਤਾਵਨੀ ਦਿੱਤੀ।
ਉਨ੍ਹਾਂ ਕਿਹਾ ਕਿ ਸਿਰਸਾ ਸਾਹਿਬ ਨੇ 10-15 ਦਿਨ ਪਹਿਲਾਂ ਹੀ ਝੂਠਾ ਦਾਅਵਾ ਕਰ ਦਿੱਤਾ ਸੀ ਕਿ ਪੰਜਾਬ ਦਾ ਧੂੰਆ ਦਿੱਲੀ ਪਹੁੰਚ ਗਿਆ, ਜਦੋਂ ਕਿ ਅਸਲ ਵਿੱਚ ਖੇਤਾਂ ‘ਚ ਕੱਟਾਈ ਵੀ ਪੂਰੀ ਨਹੀਂ ਹੋਈ ਸੀ।








