Home ਪੰਜਾਬ ਪੰਜਾਬ ਦੇ ਕਈ ਪਿੰਡਾਂ ‘ਚ ਦੂਸ਼ਿਤ ਪਾਣੀ ਦਾ ਖਤਰਾ, 6 ਮਹੀਨਿਆਂ ‘ਚ...

ਪੰਜਾਬ ਦੇ ਕਈ ਪਿੰਡਾਂ ‘ਚ ਦੂਸ਼ਿਤ ਪਾਣੀ ਦਾ ਖਤਰਾ, 6 ਮਹੀਨਿਆਂ ‘ਚ 461 ਨਮੂਨੇ ਫੇਲ੍ਹ — ਜਲ ਸ਼ਕਤੀ ਮੰਤਰਾਲੇ ਦੀ ਰੀਪੋਰਟ

0

ਚੰਡੀਗੜ੍ਹ (ਛਤਰਪਾਲ ਸਿੰਘ), 28 ਅਕਤੂਬਰ — ਪੰਜਾਬ ਦੇ ਕਈ ਪਿੰਡ ਅਜੇ ਵੀ ਸਾਫ ਪਾਣੀ ਦੀ ਸੁਵਿਧਾ ਤੋਂ ਵਾਂਝੇ ਹਨ। ਜਲ ਸ਼ਕਤੀ ਮੰਤਰਾਲੇ ਵੱਲੋਂ ਜਾਰੀ ਕੀਤੀ ਤਾਜ਼ਾ ਰੀਪੋਰਟ ਮੁਤਾਬਕ, ਸੂਬੇ ਦੇ ਪਿੰਡਾਂ ਤੋਂ ਪੀਣ ਵਾਲੇ ਪਾਣੀ ਦੇ ਕੁੱਲ 40,720 ਨਮੂਨੇ ਜਾਂਚ ਲਈ ਲਏ ਗਏ ਸਨ, ਜਿਨ੍ਹਾਂ ਵਿੱਚੋਂ 461 ਨਮੂਨੇ ਮਿਆਰ ‘ਤੇ ਖਰੇ ਨਹੀਂ ਉਤਰੇ। ਇਹ ਗਿਣਤੀ ਦਰਸਾਉਂਦੀ ਹੈ ਕਿ ਕਈ ਇਲਾਕਿਆਂ ‘ਚ ਪਾਣੀ ਦੀ ਗੁਣਵੱਤਾ ਚਿੰਤਾਜਨਕ ਹੈ।

ਮੰਤਰਾਲੇ ਦੀ ਰੀਪੋਰਟ ਅਨੁਸਾਰ, ਕੁਝ ਇਲਾਕਿਆਂ ਦਾ ਪਾਣੀ ਪੀਣ ਲਈ ਅਣਉਚਿਤ ਪਾਇਆ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਪਾਣੀ ਪੀਣ ਨਾਲ ਹੈਜ਼ਾ, ਟਾਈਫਾਇਡ, ਦਸਤਾਂ ਅਤੇ ਕੈਂਸਰ ਤੱਕ ਦਾ ਖਤਰਾ ਵਧ ਜਾਂਦਾ ਹੈ।

ਜਾਂਚ ਮੁਹਿੰਮ ਅਤੇ ਕਾਰਵਾਈ

ਪੰਜਾਬ ਸਰਕਾਰ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਕਈ ਉਪਰਾਲੇ ਕਰ ਰਹੀ ਹੈ। ਪੰਜਾਬ ਵਿੱਚ ਇਸ ਵੇਲੇ 33 ਪ੍ਰਯੋਗਸ਼ਾਲਾਵਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿੱਚੋਂ 31 ਐਨ.ਏ.ਬੀ.ਐੱਲ. ਮਾਨਤਾ ਪ੍ਰਾਪਤ ਹਨ। ਇਹਨਾਂ ਲੈਬਾਂ ਵਿੱਚ ਪਾਣੀ ਦੇ ਨਮੂਨਿਆਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਜਿੱਥੇ ਵੀ ਦੂਸ਼ਿਤ ਪਾਣੀ ਦੀ ਪੁਸ਼ਟੀ ਹੋਈ, ਉਥੇ 59 ਮਾਮਲਿਆਂ ਵਿੱਚ ਵਿਕਲਪਿਕ ਸਾਫ ਪਾਣੀ ਦੇ ਪ੍ਰਬੰਧ ਕੀਤੇ ਗਏ। ਨਾਲ ਹੀ, ਫੀਲਡ ਟੈਸਟ ਕਿੱਟਾਂ ਰਾਹੀਂ 9,145 ਪਿੰਡਾਂ ਵਿੱਚ 78,518 ਟੈਸਟ ਕੀਤੇ ਗਏ ਤਾਂ ਜੋ ਬਿਮਾਰੀਆਂ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।

ਦੇਸ਼ ਪੱਧਰੀ ਸਥਿਤੀ
ਰਾਸ਼ਟਰੀ ਪੱਧਰ ‘ਤੇ ਹੁਣ ਤੱਕ 39 ਲੱਖ ਤੋਂ ਵੱਧ ਸੈਂਪਲ ਜਾਂਚੇ ਜਾ ਚੁਕੇ ਹਨ, ਜਿਨ੍ਹਾਂ ਵਿਚੋਂ 1,04,836 ਫੇਲ੍ਹ ਪਾਏ ਗਏ ਹਨ। ਕੇਂਦਰ ਸਰਕਾਰ ਨੇ 29,160 ਥਾਵਾਂ ‘ਤੇ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਕਦਮ ਚੁੱਕੇ ਹਨ।

ਸਕੂਲਾਂ ਵਿੱਚ ਪਾਣੀ ਦੀ ਸਪਲਾਈ ਲਗਭਗ ਪੂਰੀ
ਜਲ ਸ਼ਕਤੀ ਮੰਤਰਾਲੇ ਦੀ ਰਿਪੋਰਟ ਅਨੁਸਾਰ, ਪੰਜਾਬ ਦੇ 22,389 ਸਕੂਲਾਂ ਵਿਚੋਂ 22,315 ਸਕੂਲਾਂ (99.67%) ‘ਚ ਟੂਟੀ ਰਾਹੀਂ ਪਾਣੀ ਦੀ ਸਪਲਾਈ ਸ਼ੁਰੂ ਹੋ ਚੁਕੀ ਹੈ। ਬਾਕੀ ਰਹਿ ਗਏ ਸਕੂਲਾਂ ਲਈ ਵੀ ਜਲਦੀ ਪ੍ਰਬੰਧ ਕੀਤੇ ਜਾ ਰਹੇ ਹਨ।

ਡਬਲਯੂ.ਐਚ.ਓ. ਦੀ ਚੇਤਾਵਨੀ
ਵਿਸ਼ਵ ਸਿਹਤ ਸੰਗਠਨ (WHO) ਦਾ ਅੰਦਾਜ਼ਾ ਹੈ ਕਿ ਜੇਕਰ ਹਰ ਘਰ ਤੱਕ ਪੀਣ ਯੋਗ ਪਾਣੀ ਪਹੁੰਚਾ ਦਿੱਤਾ ਜਾਵੇ, ਤਾਂ ਭਾਰਤ ਵਿੱਚ ਦਸਤਾਂ ਅਤੇ ਹੋਰ ਪਾਣੀ-ਜਨਿਤ ਬਿਮਾਰੀਆਂ ਕਾਰਨ ਹੋਣ ਵਾਲੀਆਂ ਲਗਭਗ 4 ਲੱਖ ਮੌਤਾਂ ਰੋਕੀਆਂ ਜਾ ਸਕਦੀਆਂ ਹਨ।

Exit mobile version