Home ਹਰਿਆਣਾ ਯਮੁਨਾਨਗਰ ‘ਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਵਿਸ਼ਵ ਪੱਧਰੀ ਯਾਦਗਾਰ ਤੇ...

ਯਮੁਨਾਨਗਰ ‘ਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਵਿਸ਼ਵ ਪੱਧਰੀ ਯਾਦਗਾਰ ਤੇ ਅਜਾਇਬ ਘਰ ਦਾ ਨੀਂਹ ਪੱਥਰ ਰੱਖਿਆ ਗਿਆ

0

ਯਮੁਨਾਨਗਰ , (ਚੌਧਰੀ ਛਤਰਪਾਲ ਸਿੰਘ) : ਇਤਿਹਾਸਕ ਪਿੰਡ ਭਗਵਾਨਪੁਰ ਵਿੱਚ ਅੱਜ ਉਹ ਪਲ ਆਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ੂਰਵੀਰਤਾ ਅਤੇ ਕੁਰਬਾਨੀ ਨੂੰ ਸਮਰਪਿਤ ਵਿਸ਼ਵ ਪੱਧਰੀ ਯਾਦਗਾਰ ਅਤੇ ਅਜਾਇਬ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਮਹੱਤਵਾਕਾਂਖੀ ਪ੍ਰਾਜੈਕਟ ਦਾ ਸ਼ੁਭਾਰੰਭ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤਾ।

ਇਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਦੇਸ਼ ਦੀ ਧਰਤੀ ਨੇ ਕਈ ਮਹਾਨ ਯੋਧੇ ਜੰਮੇ ਹਨ, ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਅਤੇ ਬਲੀਦਾਨ ਨੇ ਇਤਿਹਾਸ ‘ਚ ਇਕ ਅਦਭੁਤ ਨਜ਼ੀਰ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਇਹ ਸਮਾਰਕ ਨੌਜਵਾਨ ਪੀੜ੍ਹੀ ਨੂੰ ਆਪਣੇ ਮੂਲਾਂ ਨਾਲ ਜੋੜਨ ਦਾ ਸਾਧਨ ਬਣੇਗਾ।

ਲਗਭਗ 20 ਏਕੜ ਰਕਬੇ ‘ਚ ਬਣ ਰਹੀ ਇਹ ਯਾਦਗਾਰ ਖਾਲਸਾ ਸਾਮਰਾਜ ਦੀ ਸ਼ਾਨ ਅਤੇ ਸਿੱਖ ਵੀਰਤਾ ਦਾ ਪ੍ਰਤੀਕ ਹੋਵੇਗੀ। ਪ੍ਰੋਜੈਕਟ ਵਿਚ 70 ਫੁੱਟ ਉੱਚੀ ਬਾਬਾ ਬੰਦਾ ਸਿੰਘ ਬਹਾਦਰ ਦੀ ਮੂਰਤੀ, ਕਿਲ੍ਹੇ ਵਰਗਾ ਵਿਸ਼ਾਲ ਢਾਂਚਾ ਅਤੇ ਆਧੁਨਿਕ ਆਡੀਟੋਰਿਅਮ-ਥੀਏਟਰ ਤਿਆਰ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਦੇ ਜੀਵਨ ‘ਤੇ ਆਧਾਰਿਤ ਫਿਲਮ ਦਰਸਾਈ ਜਾਵੇਗੀ। ਇਸ ਤੋਂ ਇਲਾਵਾ ਗੱਤਕਾ ਕਲਾਸਾਂ ਰਾਹੀਂ ਨੌਜਵਾਨਾਂ ਨੂੰ ਸਿੱਖ ਪਰੰਪਰਾਵਾਂ ਅਤੇ ਸੂਰਵੀਰਤਾ ਨਾਲ ਜੋੜਿਆ ਜਾਵੇਗਾ।

72 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿਚ ਕਿਲ੍ਹੇ ਦੀ ਬਾਹਰੀ ਕੰਧ, ਅਜਾਇਬ ਘਰ ਦੀ ਇਮਾਰਤ, ਮੁੱਖ ਪ੍ਰਵੇਸ਼ ਦੁਆਰ ਅਤੇ ਲੈਂਡਸਕੇਪਿੰਗ ਦੇ ਕੰਮ ਸ਼ਾਮਲ ਹਨ। ਦੂਜੇ ਪੜਾਅ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਯੋਧਾ ਗਾਥਾ ਨੂੰ ਦਰਸਾਉਣ ਵਾਲੀ ਸਮੱਗਰੀ ਤੇ ਡਿਜ਼ਾਈਨ ਤਿਆਰ ਕੀਤੇ ਜਾਣਗੇ।

ਯਾਦਗਾਰ ਦਾ ਮੁੱਖ ਪ੍ਰਵੇਸ਼ ਦੁਆਰ ਪੰਜਾਬ ਦੇ ਇਤਿਹਾਸਕ ਕਿਲ੍ਹਿਆਂ ਦੀ ਆਰਕੀਟੈਕਚਰ ਤੋਂ ਪ੍ਰੇਰਿਤ ਹੋਵੇਗਾ — ਖ਼ਾਸ ਤੌਰ ‘ਤੇ ਅਜਿੱਤ ਲੋਹਗੜ੍ਹ ਕਿਲ੍ਹੇ ਦੀ ਵਿਰਾਸਤ ਦਾ ਸਨਮਾਨ ਕਰੇਗਾ। ਇਹ ਸਮਾਰਕ ਸਿਰਫ਼ ਇਤਿਹਾਸਕ ਪ੍ਰਤੀਕ ਨਹੀਂ, ਸਗੋਂ ਸਿੱਖ ਧਰਮ ਦੀ ਵੀਰਤਾ, ਅਡਿੱਗਤਾ ਅਤੇ ਰਾਸ਼ਟਰਭਗਤੀ ਦੀ ਪ੍ਰਤੀਕ ਕਿਰਣ ਵਜੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੇਗਾ।

Exit mobile version