ਸੀ.ਐਮ. ਫਲਾਇੰਗ ਸਕੁਐਡ ਵੱਲੋਂ ਨਾਭਾ ਵਿੱਚ ਸੜਕ ਦੇ ਸੈਂਪਲ ਭਰੇ, ਗੁਣਵੱਤਾ ਦੀ ਹੋਵੇਗੀ ਜਾਂਚ
ਨਾਭਾ/ਪਟਿਆਲਾ, 27 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਮਿਆਰੀ ਸੜਕਾਂ ਦੇ ਨਿਰਮਾਣ ਨੂੰ ਯਕੀਨੀ ਬਣਾਉਣ ਲਈ ਬਣਾਏ ਗਏ ਸੀ.ਐਮ. ਫਲਾਇੰਗ ਸਕੁਐਡ ਨੇ ਅੱਜ ਅਹਿਮ ਕਾਰਵਾਈ ਕਰਦਿਆਂ ਹਿਆਣਾ ਖੁਰਦ ਤੋਂ ਮੰਡੌਰ ਅਜਨੌਦਾ ਤੱਕ ਬਣੀ ਸੜਕ ਦੇ ਸੈਂਪਲ ਭਰੇ ਹਨ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸੜਕ ਦੇ ਨਿਰਮਾਣ ਵਿੱਚ ਘਟੀਆ ਮੈਟੀਰੀਅਲ ਵਰਤਿਆ ਗਿਆ ਹੋਇਆ ਪਾਇਆ ਗਿਆ, ਤਾਂ ਠੇਕੇਦਾਰ ਅਤੇ ਸਬੰਧਤ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਕਾਰਵਾਈ ਸਿਹਤ ਮੰਤਰੀ ਦੇ ਹਲਕਾ ਪਟਿਆਲਾ ਦਿਹਾਤੀ ਦੀ ਨੋਡਲ ਵਲੰਟੀਅਰ ਟੀਮ ਦੀ ਰਿਪੋਰਟ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਟੀਮ ਵੱਲੋਂ ਹਲਕੇ ਵਿੱਚ ਬਣ ਰਹੀਆਂ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਦੀ ਗੁਣਵੱਤਾ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਪ੍ਰਤੀਕਿਰਿਆ ਇਕੱਠੀ ਕੀਤੀ ਜਾਂਦੀ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਣ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਹਰ ਨਵੀਂ ਬਣੀ ਸੜਕ ਦੀ ਮੁਰੰਮਤ ਦੀ ਜ਼ਿੰਮੇਵਾਰੀ ਉਸੇ ਏਜੰਸੀ ਨੂੰ ਪੰਜ ਸਾਲ ਲਈ ਸੌਂਪੀ ਜਾਵੇਗੀ, ਤਾਂ ਜੋ ਲੋਕਾਂ ਨੂੰ ਟਿਕਾਊ ਸੁਵਿਧਾਵਾਂ ਮਿਲ ਸਕਣ।
ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਦੀ ਟੀਮ ਨੇ ਸੂਚਨਾ ਦਿੱਤੀ ਸੀ ਕਿ ਹਿਆਣਾ ਤੋਂ ਮੰਡੌਰ ਅਜਨੌਦਾ ਸੜਕ ਕੁਝ ਥਾਵਾਂ ਤੇ ਖਰਾਬ ਹੋ ਚੁੱਕੀ ਹੈ, ਜਿਸ ਕਾਰਨ ਸੀ.ਐਮ. ਫਲਾਇੰਗ ਸਕੁਐਡ ਵੱਲੋਂ ਤੁਰੰਤ ਜਾਂਚ ਕੀਤੀ ਗਈ।
ਉਨ੍ਹਾਂ ਸਾਫ਼ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਹੁਣ ਕਿਸੇ ਵੀ ਵਿਕਾਸ ਕਾਰਜ ਵਿੱਚ ਘਟੀਆ ਮਿਆਰ ਦੇ ਮੈਟੀਰੀਅਲ ਲਈ ਕੋਈ ਗੁੰਜਾਇਸ਼ ਨਹੀਂ ਰਹੀ।
ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ ਨੇ ਦੱਸਿਆ ਕਿ ਟੀਮ ਨੇ ਸੜਕ ਦੇ ਤਿੰਨ ਸੈਂਪਲ ਇਕੱਠੇ ਕੀਤੇ ਹਨ, ਜਿਨ੍ਹਾਂ ਨੂੰ ਲੈਬੋਰਟਰੀ ਵਿੱਚ ਭੇਜ ਕੇ ਗੁਣਵੱਤਾ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਸਬੰਧਤ ਏਜੰਸੀ ਅਤੇ ਠੇਕੇਦਾਰ ਨੂੰ ਤੁਰੰਤ ਸੁਧਾਰ ਅਤੇ ਮੁਰੰਮਤ ਕਰਨ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਦੇ ਪੈਸੇ ਨਾਲ ਬਣ ਰਹੇ ਹਰ ਵਿਕਾਸ ਕਾਰਜ ਵਿੱਚ ਪਾਰਦਰਸ਼ਤਾ ਅਤੇ ਮਿਆਰ ਯਕੀਨੀ ਬਣਾਉਣਾ ਸਰਕਾਰ ਦੀ ਪਹਿਲ ਹੈ।







