ਚੰਡੀਗੜ੍ਹ, 27 ਅਕਤੂਬਰ (ਛਤਰਪਾਲ ਸਿੰਘ) : ਪੰਜਾਬ ਸਰਕਾਰ ਨੇ ਬਜ਼ੁਰਗਾਂ ਲਈ ਵੱਡੀ ਰਾਹਤ ਦਿੰਦੇ ਹੋਏ ਚਾਲੂ ਵਿੱਤੀ ਸਾਲ ਦੌਰਾਨ ਬੁਢਾਪਾ ਪੈਨਸ਼ਨ ਯੋਜਨਾ ਤਹਿਤ ₹2,400.70 ਕਰੋੜ ਦੀ ਰਕਮ ਜਾਰੀ ਕੀਤੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਯੋਜਨਾ ਦੇ ਤਹਿਤ 23 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਨਿਯਮਤ ਤੌਰ ’ਤੇ ਪੈਨਸ਼ਨ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਸ ਯੋਜਨਾ ਲਈ ਚਾਲੂ ਸਾਲ ਵਿੱਚ ਕੁੱਲ ₹4,100 ਕਰੋੜ ਦਾ ਬਜਟ ਰਾਖਵਿਆ ਹੈ, ਜੋ ਬਜ਼ੁਰਗਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪੈਨਸ਼ਨ ਸਿਰਫ਼ ਆਰਥਿਕ ਸਹਾਇਤਾ ਨਹੀਂ, ਸਗੋਂ ਬਜ਼ੁਰਗਾਂ ਪ੍ਰਤੀ ਸਤਿਕਾਰ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ, “ਪੰਜਾਬ ਦੀ ਮਿੱਟੀ ਹਮੇਸ਼ਾਂ ਸੇਵਾ ਅਤੇ ਸਤਿਕਾਰ ਦੀ ਪ੍ਰਤੀਕ ਰਹੀ ਹੈ। ਜਿਸ ਘਰ ਵਿੱਚ ਬਜ਼ੁਰਗਾਂ ਦਾ ਆਦਰ ਹੁੰਦਾ ਹੈ, ਉੱਥੇ ਖੁਸ਼ਹਾਲੀ ਵਸਦੀ ਹੈ। ਮਾਨ ਸਰਕਾਰ ਦੀ ਇਹ ਯੋਜਨਾ ਉਸੀ ਪਰੰਪਰਾ ਨੂੰ ਹੋਰ ਮਜ਼ਬੂਤ ਕਰਦੀ ਹੈ।”
ਮੰਤਰੀ ਨੇ ਕਿਹਾ ਕਿ “ਸਾਡੇ ਬੁਜ਼ੁਰਗ ਸਾਡਾ ਮਾਣ” ਮੁਹਿੰਮ ਰਾਹੀਂ ਸਰਕਾਰ ਸਮਾਜ ਨੂੰ ਇਹ ਸੰਦੇਸ਼ ਦੇ ਰਹੀ ਹੈ ਕਿ ਬਜ਼ੁਰਗ ਸਿਰਫ਼ ਸਾਡਾ ਭੂਤਕਾਲ ਨਹੀਂ, ਸਗੋਂ ਸਾਡੀ ਸਭਿਆਚਾਰਕ ਵਿਰਾਸਤ ਹਨ। ਉਨ੍ਹਾਂ ਦੀ ਸੇਵਾ ਕਰਨਾ ਸਿਰਫ਼ ਫ਼ਰਜ਼ ਨਹੀਂ, ਸਨਮਾਨ ਵੀ ਹੈ।
ਚਾਲੂ ਯੋਜਨਾ ਨਾਲ ਨਾ ਸਿਰਫ਼ ਲੱਖਾਂ ਪਰਿਵਾਰਾਂ ਨੂੰ ਆਰਥਿਕ ਮਦਦ ਮਿਲ ਰਹੀ ਹੈ, ਸਗੋਂ ਸਮਾਜ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ ਦਾ ਸੱਭਿਆਚਾਰ ਵੀ ਹੋਰ ਮਜ਼ਬੂਤ ਹੋ ਰਿਹਾ ਹੈ।








