ਕਾਠਮੰਡੂ, 27 ਅਕਤੂਬਰ: ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਤੀਜੀ ਵਾਰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਸਰਕਾਰ ਵਿੱਚ ਦੋ ਨਵੇਂ ਚਿਹਰੇ — ਬਬਲੂ ਗੁਪਤਾ ਅਤੇ ਸੁਧਾ ਗੌਤਮ — ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ।
ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ ’ਤੇ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਦੋਵੇਂ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਬਬਲੂ ਗੁਪਤਾ ਨੂੰ ਯੁਵਾ ਅਤੇ ਖੇਡ ਮੰਤਰਾਲਾ ਦਿੱਤਾ ਗਿਆ ਹੈ, ਜਦਕਿ ਸੁਧਾ ਗੌਤਮ ਨੂੰ ਸਿਹਤ ਅਤੇ ਆਬਾਦੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਵਿਸਥਾਰ ਨਾਲ ਕਾਰਕੀ ਦੇ ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਗਿਣਤੀ ਹੁਣ 10 ਹੋ ਗਈ ਹੈ।
ਯਾਦ ਰਹੇ ਕਿ ਨੇਪਾਲ ਵਿੱਚ 8 ਅਤੇ 9 ਸਤੰਬਰ ਨੂੰ ਹੋਏ “ਜਨਰਲ ਜੈੱਡ” ਅੰਦੋਲਨ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਅਸਤੀਫ਼ਾ ਦੇਣਾ ਪਿਆ ਸੀ। ਇਸ ਤੋਂ ਬਾਅਦ, ਸੁਸ਼ੀਲਾ ਕਾਰਕੀ ਨੂੰ 12 ਸਤੰਬਰ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ।
“ਜਨਰਲ ਜੈੱਡ” ਅੰਦੋਲਨ 1997 ਤੋਂ 2012 ਦੇ ਵਿਚਕਾਰ ਪੈਦਾ ਹੋਈ ਨਵੀਂ ਪੀੜ੍ਹੀ ਵੱਲੋਂ ਚਲਾਇਆ ਗਿਆ ਸੀ, ਜਿਸ ਵਿੱਚ ਰੋਜ਼ਗਾਰ, ਪਾਰਦਰਸ਼ੀਤਾ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਕੀਤੀ ਗਈ ਸੀ।
ਸੂਤਰਾਂ ਅਨੁਸਾਰ, ਕਾਰਕੀ ਅਗਲੇ ਸਾਲ 5 ਮਾਰਚ 2026 ਨੂੰ ਹੋਣ ਵਾਲੀਆਂ ਆਮ ਚੋਣਾਂ ਤੱਕ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਉਣਗੇ।







