ਰੂਪਨਗਰ, 27 ਅਕਤੂਬਰ: ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਨਾਲ ਸੰਬੰਧਤ ਜੁਝਾਰ ਸਿੰਘ ਨੇ ਅਬੂਧਾਬੀ ਵਿੱਚ ਹੋਈ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਇਤਿਹਾਸ ਰਚ ਦਿੱਤਾ। ਇਹ ਮੁਕਾਬਲਾ 24 ਅਕਤੂਬਰ ਨੂੰ ਹੋਇਆ, ਜਿਸ ਵਿੱਚ ਜੁਝਾਰ ਨੇ ਆਪਣੇ ਰੂਸੀ ਪ੍ਰਤੀਦੰਦੀ ਐਂਟਲੀ ਗਲੁਸ਼ਕਾ ਨੂੰ ਤੀਜੇ ਰਾਊਂਡ ਵਿੱਚ ਤਿੱਖੇ ਥੱਪੜ ਨਾਲ ਹਿਲਾ ਦਿੱਤਾ ਅਤੇ ਭਾਰਤ ਦਾ ਝੰਡਾ ਉੱਚਾ ਲਹਿਰਾਇਆ।
ਜੁਝਾਰ ਨੇ ਆਪਣੀ ਜਿੱਤ ਦਾ ਵੀਡੀਓ ਆਪਣੇ ਫੇਸਬੁੱਕ ਪੇਜ ’ਤੇ ਸਾਂਝਾ ਕੀਤਾ, ਜਿਸ ਵਿੱਚ ਉਹ ਭੰਗੜਾ ਪਾਉਂਦੇ ਹੋਏ “I am winner!” ਕਹਿੰਦੇ ਨਜ਼ਰ ਆ ਰਹੇ ਹਨ।
ਮੁਕਾਬਲੇ ਦੇ ਪਹਿਲੇ ਰਾਊਂਡ ਵਿੱਚ ਜੁਝਾਰ ਨੂੰ 9 ਅਤੇ ਗਲੁਸ਼ਕਾ ਨੂੰ 10 ਅੰਕ ਮਿਲੇ ਸਨ। ਦੂਜੇ ਰਾਊਂਡ ਵਿੱਚ ਰੂਸੀ ਖਿਡਾਰੀ ਦੇ ਥੱਪੜ ਨਾਲ ਜੁਝਾਰ ਦੀ ਅੱਖ ਜ਼ਖ਼ਮੀ ਹੋ ਗਈ, ਪਰ ਉਸ ਨੇ ਹਾਰ ਨਹੀਂ ਮੰਨੀ। ਤੀਜੇ ਰਾਊਂਡ ਵਿੱਚ ਜੁਝਾਰ ਨੇ ਸ਼ਕਤੀਸ਼ਾਲੀ ਥੱਪੜ ਨਾਲ ਪ੍ਰਤੀਦੰਦੀ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ। ਅੰਤਿਮ ਸਕੋਰ ’ਚ ਜੁਝਾਰ ਨੇ 29 ਤੇ ਗਲੁਸ਼ਕਾ ਨੇ 27 ਅੰਕ ਪ੍ਰਾਪਤ ਕੀਤੇ।
ਚੋਟ ਲੱਗਣ ਦੇ ਬਾਵਜੂਦ ਜੁਝਾਰ ਨੇ ਹੌਸਲਾ ਨਹੀਂ ਹਾਰਿਆ। ਕੋਚ ਦੀ ਸਲਾਹ ’ਤੇ ਅੱਖ ’ਤੇ ਮਰਹਮ ਲਗਵਾ ਕੇ ਉਸ ਨੇ ਆਪਣੀ ਮੂੰਛਾਂ ਨੂੰ ਤਾਵ ਦਿੱਤਾ ਅਤੇ ਕਿਹਾ — “ਦੱਸਦਾ ਮੈਂ ਤੈਨੂੰ!” — ਤੇ ਪੂਰੇ ਜੋਸ਼ ਨਾਲ ਮੁਕਾਬਲਾ ਜਾਰੀ ਰੱਖਿਆ।
ਜਿੱਤ ਤੋਂ ਬਾਅਦ ਜੁਝਾਰ ਨੇ ਸਟੇਜ ’ਤੇ ਭੰਗੜਾ ਪਾਇਆ ਅਤੇ ਸਿੱਧੂ ਮੂਸੇਵਾਲਾ ਦੇ ਸਟਾਈਲ ’ਚ ਪੱਟ ’ਤੇ ਥਾਪੀ ਮਾਰੀ। ਉਸਦੀ ਇਹ ਜਿੱਤ ਨਾ ਸਿਰਫ਼ ਪੰਜਾਬ ਲਈ, ਸਗੋਂ ਪੂਰੇ ਦੇਸ਼ ਦੇ ਲਈ ਗਰਵ ਦਾ ਪਲ ਬਣੀ ਹੈ, ਜਿਸ ਨਾਲ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਚਮਕਿਆ ਹੈ।








