ਪਟਿਆਲਾ, 26 ਅਕਤੂਬਰ (ਛਤਰਪਾਲ ਸਿੰਘ) : ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅੱਜ ਪਿੰਡ ਵੱਡਾ ਅਰਾਈ ਮਾਜਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਪਹੁੰਚੇ, ਜਿੱਥੇ ਉਨ੍ਹਾਂ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਉੱਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਿਧਾਇਕ ਕੋਹਲੀ ਨੇ ਖ਼ਾਸ ਤੌਰ ’ਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਨੀਰਜ ਦੀ ਪ੍ਰਸੰਸਾ ਕੀਤੀ, ਜਿਸ ਨੇ 14 ਤੋਂ 15 ਫੁੱਟ ਦੀ ਲੰਮੀ ਛਾਲ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਨੀਰਜ ਵਰਗੇ ਹੁਨਰਮੰਦ ਬੱਚਿਆਂ ਨੂੰ ਸਹੀ ਟ੍ਰੇਨਿੰਗ ਅਤੇ ਮੌਕੇ ਪ੍ਰਦਾਨ ਕੀਤੇ ਜਾਣ, ਤਾਂ ਉਹ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ।
ਵਿਧਾਇਕ ਕੋਹਲੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਬੱਚਿਆਂ ਨੂੰ ਖੇਡਾਂ, ਸਿੱਖਿਆ ਅਤੇ ਚੰਗੀ ਸਿਹਤ ਨਾਲ ਜੋੜਨਾ ਹੈ, ਤਾਂ ਜੋ ਉਹ ਸਰਵਾਂਗੀ ਵਿਕਾਸ ਕਰ ਸਕਣ। ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਵੱਡਾ ਅਰਾਈ ਮਾਜਰਾ ਦੇ ਸਕੂਲ ਵਿੱਚ ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ, ਜਿਸ ਨਾਲ ਵਿਦਿਆਰਥੀਆਂ ਨੂੰ ਵਧੀਆ ਸਿੱਖਣ ਅਤੇ ਖੇਡਾਂ ਦੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ।
ਸਮਾਗਮ ਦੌਰਾਨ ਵਾਰਡ ਨੰਬਰ 36 ਤੋਂ ਐਮ.ਸੀ. ਹਰਪ੍ਰੀਤ ਸਿੰਘ, ਪ੍ਰਿੰਸੀਪਲ ਕਮਲਦੀਪ ਕੌਰ, ਸਕੂਲ ਸਟਾਫ਼ ਅਤੇ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ। ਵਿਧਾਇਕ ਕੋਹਲੀ ਨੇ ਸਭ ਨੂੰ ਬੱਚਿਆਂ ਦੀ ਪ੍ਰਗਤੀ ਲਈ ਮਿਲਜੁਲ ਕੇ ਯਤਨ ਕਰਨ ਦੀ ਅਪੀਲ ਕੀਤੀ।







