Home ਸੰਸਾਰ ਕੈਲੀਫੋਰਨੀਆ ਸੜਕ ਹਾਦਸਾ: ਭਾਰਤੀ ਨੌਜਵਾਨ ’ਤੇ ਤਿੰਨ ਮੌਤਾਂ ਦਾ ਦੋਸ਼, ਵ੍ਹਾਈਟ ਹਾਊਸ...

ਕੈਲੀਫੋਰਨੀਆ ਸੜਕ ਹਾਦਸਾ: ਭਾਰਤੀ ਨੌਜਵਾਨ ’ਤੇ ਤਿੰਨ ਮੌਤਾਂ ਦਾ ਦੋਸ਼, ਵ੍ਹਾਈਟ ਹਾਊਸ ਨੇ ਮੰਗੀ ਰਿਪੋਰਟ

0

ਕੈਲੀਫੋਰਨੀਆ: ਅਮਰੀਕਾ ਦੇ ਰਾਜ ਕੈਲੀਫੋਰਨੀਆ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਨੇ ਸਥਾਨਕ ਪ੍ਰਸ਼ਾਸਨ ਅਤੇ ਵ੍ਹਾਈਟ ਹਾਊਸ ਦੋਵਾਂ ਨੂੰ ਹਿਲਾ ਦਿੱਤਾ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ। ਦੋਸ਼ੀ ਵਜੋਂ ਜਸ਼ਨਪ੍ਰੀਤ ਸਿੰਘ (21) ਨਾਮਕ ਭਾਰਤੀ ਨੌਜਵਾਨ ਦੀ ਪਛਾਣ ਹੋਈ ਹੈ, ਜੋ 2022 ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਸੀ।

ਰਿਪੋਰਟਾਂ ਅਨੁਸਾਰ, ਜਸ਼ਨਪ੍ਰੀਤ ਸਿੰਘ ਨੂੰ ਪਹਿਲਾਂ ਅਮਰੀਕੀ ਬਾਰਡਰ ਸੁਰੱਖਿਆ ਬਲਾਂ ਨੇ ਐਲ ਸੈਂਟਰੋ ਸੈਕਟਰ ਤੋਂ ਗ੍ਰਿਫਤਾਰ ਕੀਤਾ ਸੀ, ਪਰ ਬਾਅਦ ਵਿੱਚ ਉਸਨੂੰ ਇਮੀਗ੍ਰੇਸ਼ਨ ਸੁਣਵਾਈ ਤੱਕ ਰਿਹਾਈ ਦੇ ਦਿੱਤੀ ਗਈ। ਚੌਕਾਉਣ ਵਾਲੀ ਗੱਲ ਇਹ ਹੈ ਕਿ ਗੈਰ-ਕਾਨੂੰਨੀ ਹੋਣ ਦੇ ਬਾਵਜੂਦ ਉਸਨੂੰ ਵਪਾਰਕ ਵਾਹਨ ਚਲਾਉਣ ਦਾ ਲਾਇਸੈਂਸ (Commercial Driving License) ਜਾਰੀ ਕੀਤਾ ਗਿਆ ਸੀ। ਹੁਣ ਉਸ ’ਤੇ ਦੋਸ਼ ਹੈ ਕਿ ਉਸਨੇ ਨਸ਼ੇ ਦੀ ਹਾਲਤ ਵਿੱਚ ਟਰੱਕ ਚਲਾਉਂਦੇ ਹੋਏ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਤਿੰਨ ਜਿੰਦਗੀਆਂ ਖਤਮ ਹੋ ਗਈਆਂ। ਟੱਕਰ ਇੰਨੀ ਭਿਆਨਕ ਸੀ ਕਿ ਕਈ ਵਾਹਨਾਂ ਨੂੰ ਅੱਗ ਲੱਗ ਗਈ।

ਇਸ ਘਟਨਾ ਨੇ ਬਿਡੇਨ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਲਾਇਸੈਂਸ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ,

“ਇਹ ਘਟਨਾ ਦਰਸਾਉਂਦੀ ਹੈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਪਾਰਕ ਲਾਇਸੈਂਸ ਜਾਰੀ ਕਰਨ ਦੇ ਨਤੀਜੇ ਕਿੰਨੇ ਗੰਭੀਰ ਹੋ ਸਕਦੇ ਹਨ। ਆਵਾਜਾਈ ਵਿਭਾਗ ਨੇ ਇਸ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।”

ਉਨ੍ਹਾਂ ਚਿੰਤਾ ਜਤਾਈ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਦੁਆਰਾ ਕੀਤੇ ਅਪਰਾਧਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਦੇਸ਼ ਦੀ ਸੁਰੱਖਿਆ ਲਈ ਚੁਣੌਤੀ ਹੈ।

ਇਸ ਮਾਮਲੇ ਨੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀ, ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਜਨਤਕ ਸੁਰੱਖਿਆ ਪ੍ਰਬੰਧਾਂ ਬਾਰੇ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਹਾਦਸੇ ਦੀ ਪੂਰੀ ਜਾਂਚ ਜਾਰੀ ਹੈ।

Exit mobile version