ਜੈਪੁਰ: ਜੈਪੁਰ ਵਿੱਚ ਤੜਕੇ NH-52 ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਰਾਮਪੁਰਾ ਕਲਵਰਟ ਨੇੜੇ ਇੱਕ ਬੇਕਾਬੂ ਥਾਰ ਨੇ ਤਿੰਨ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਸਾਰੇ ਪੀੜਤ ਇੱਕੋ ਪਰਿਵਾਰ ਦੇ ਸਨ ਅਤੇ ਜੈਪੁਰ ਦੇ ਕਰਧਾਨੀ ਥਾਣਾ ਖੇਤਰ ਦੇ ਨੰਗਲ ਜੈਸਾ ਬੋਹਰਾ ਪਿੰਡ ਦੇ ਵਸਨੀਕ ਸਨ। ਇਹ ਸਾਰੇ ਖਾਟੂਸ਼ਿਆਮ ਜੀ ਦੇ ਦਰਸ਼ਨ ਕਰਨ ਲਈ ਨਿਕਲੇ ਸਨ। ਚੌਮੂਨ ਪੁਲਿਸ ਥਾਣੇ ਦੇ ਇੰਚਾਰਜ ਪ੍ਰਦੀਪ ਸ਼ਰਮਾ ਅਨੁਸਾਰ, ਹਾਦਸਾ ਤੜਕੇ ਲਗਭਗ 3 ਵਜੇ ਵਾਪਰਿਆ ਜਦੋਂ ਤੇਜ਼ ਰਫ਼ਤਾਰ ਥਾਰ ਤਿੰਨ ਬਾਈਕਾਂ ਨਾਲ ਜ਼ੋਰਦਾਰ ਟਕਰਾਈ।
ਪੁਲਿਸ ਨੇ ਦੱਸਿਆ ਕਿ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ ਮੌਕੇ ’ਤੇ ਹੀ ਹੋ ਗਈ ਜਦਕਿ ਤਿੰਨ ਹੋਰਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਬਾਕੀ ਤਿੰਨ ਗੰਭੀਰ ਜ਼ਖ਼ਮੀਆਂ ਨੂੰ ਜੈਪੁਰ ਦੇ ਐਸਐਮਐਸ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਥਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਤਲਾਸ਼ ਜਾਰੀ ਹੈ।
ਇਸ ਘਟਨਾ ਨੇ ਇਲਾਕੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਗ੍ਰਾਮੀਣਾਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ NH-52 ‘ਤੇ ਤੇਜ਼ ਰਫ਼ਤਾਰ ਵਾਹਨਾਂ ਕਾਰਨ ਅਕਸਰ ਹਾਦਸੇ ਵਾਪਰਦੇ ਹਨ, ਪਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਉਪਾਇ ਅਜੇ ਵੀ ਕਮਜ਼ੋਰ ਹਨ।







