ਚੰਡੀਗੜ੍ਹ : ਚੰਡੀਗੜ੍ਹ ਵਿੱਚ ਦੋ ਭੈਣਾਂ ਨੂੰ ਥਾਰ ਨਾਲ ਟੱਕਰ ਮਾਰ ਕੇ ਇੱਕ ਦੀ ਜਾਨ ਲੈਣ ਵਾਲੇ ਹਾਦਸੇ ਦੇ ਦੋਸ਼ੀ ਨੂੰ ਆਖ਼ਿਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ ਨੇਰੋਸ਼ਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਲਾਅ ਦਾ ਵਿਦਿਆਰਥੀ ਹੈ।
ਪੁਲਿਸ ਨੇ ਹਾਦਸੇ ਵਿੱਚ ਸ਼ਾਮਲ ਲਾਲ ਥਾਰ (CH01CG9000) ਨੂੰ ਪਹਿਲਾਂ ਹੀ ਜ਼ਬਤ ਕਰ ਲਿਆ ਸੀ। ਮਾਮਲੇ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਹਾਦਸੇ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਕਾਰਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਾਫੀ ਰੋਸ ਜਤਾਇਆ ਸੀ।
ਪ੍ਰਾਰੰਭਿਕ ਜਾਂਚ ਵਿੱਚ ਪੁਲਿਸ ਦੇ ਸੁਸਤ ਰਵੱਈਏ ‘ਤੇ ਵੀ ਸਵਾਲ ਉੱਠੇ। ਸੈਕਟਰ 45 ਬੁੜੈਲ ਪੁਲਿਸ ਚੌਕੀ ਦੇ ਇੰਚਾਰਜ ਗੁਰਜੀਵਨ ਸਿੰਘ ਨੂੰ ਲਾਪਰਵਾਹੀ ਦੇ ਦੋਸ਼ ‘ਚ ਹਟਾ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੀ ਥਾਂ ਸਬ-ਇੰਸਪੈਕਟਰ ਨਵੀਨ ਨੂੰ ਚੌਕੀ ਇੰਚਾਰਜ ਤਾਇਨਾਤ ਕੀਤਾ ਗਿਆ ਹੈ।
ਯਾਦ ਰਹੇ ਕਿ ਬੁੱਧਵਾਰ ਦੁਪਹਿਰ 3 ਵਜੇ ਦੇ ਕਰੀਬ, ਥਾਰ ਕਾਰ ਨੇ ਸੜਕ ਪਾਰ ਕਰ ਰਹੀਆਂ ਦੋ ਭੈਣਾਂ — ਸੋਜ਼ੇਫ ਅਤੇ ਈਸ਼ਾ — ਨੂੰ ਟੱਕਰ ਮਾਰੀ ਸੀ। ਇਸ ਦੌਰਾਨ ਸੋਜ਼ੇਫ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਈਸ਼ਾ ਦੀ ਹਾਲਤ ਗੰਭੀਰ ਹੈ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ।
ਪਰਿਵਾਰ ਵੱਲੋਂ ਪੁਲਿਸ ਉੱਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਹੁਣ ਗ੍ਰਿਫ਼ਤਾਰੀ ਨਾਲ ਮਾਮਲੇ ਵਿੱਚ ਤੇਜ਼ੀ ਆਈ ਹੈ।







