Homeਪੰਜਾਬਰਿਸ਼ਵਤ ਮਾਮਲੇ 'ਚ ਡੀਆਈਜੀ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, 7 ਕਰੋੜ ਰੁਪਏ ਨਕਦ...

ਰਿਸ਼ਵਤ ਮਾਮਲੇ ‘ਚ ਡੀਆਈਜੀ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, 7 ਕਰੋੜ ਰੁਪਏ ਨਕਦ ਬਰਾਮਦ

ਡੀ.ਆਈ.ਜੀ. ਭੁੱਲਰ ਨੇ ਕਬਾੜੀ (ਸਕ੍ਰੈਪ ਵਪਾਰੀ) ਤੋਂ ਸੇਵਾ ਪਾਣੀ ਲਈ ਮੰਗੇ 8 ਲੱਖ 

ਫੋਨ ਕਾਲ ਦੌਰਾਨ ਭੁੱਲਰ ਨੇ ਕਿਹਾ, “ਅੱਠ ਫੜ੍ਹਨੇ ਨੇ ਅੱਠ, ਜਿੰਨੇ ਦਿੰਦਾ ਨਾਲ—ਨਾਲ ਫੜੀ ਚੱਲ”

   
ਨੋਟ ਇੰਨੇ ਫੜੇ ਗਏ, ਸੀ.ਬੀ.ਆਈ ਨੂੰ ਗਿਣਤੀ ਲਈ ਮਸ਼ੀਨਾਂ ਤੇ ਬੈਂਕ ਅਧਿਕਾਰੀ ਬੁਲਾਉਣੇ ਪਏ।

ਮੰਡੀ ਗੋਬਿੰਦਗੜ੍ਹ ਨਿਵਾਸੀ ਆਕਾਸ਼ ਭੱਟ ਨੇ ਸੀ. ਬੀ. ਆਈ. ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਸਕ੍ਰੈਪ ਡੀਲਰ ਦਾ ਕੰਮ ਕਰਦਾ ਹੈ। ਸਰਹਿੰਦ ਥਾਣੇ ‘ਚ ਦਰਜ ਐੱਫ. ਆਈ. ਆਰ. ਅਨੁਸਾਰ ਨਕਲੀ ਬਿੱਲ ਅਤੇ ਬਿਲਟੀ ਦੀ ਵਰਤੋਂ ਕੀਤੀ ਗਈ ਹੈ। ਪੁਲਸ ਨੇ ਮਾਮਲੇ ‘ਚ ਅਜੇ ਤੱਕ ਚਲਾਨ ਅਤੇ ਅੰਤਿਮ ਰਿਪੋਰਟ ਅਦਾਲਤ ‘ਚ ਪੇਸ਼ ਨਹੀਂ ਕੀਤੀ। ਅਗਸਤ ਮਹੀਨੇ ‘ਚ ਡੀ. ਆਈ. ਜੀ. ਭੁੱਲਰ ਦਾ ਕਰੀਬੀ ਕਿਰਸਾਨੂ ਉਸ ਦੇ ਕੋਲ ਆਇਆ ਅਤੇ ਕਿਹਾ ਕਿ ਐੱਫ. ਆਈ. ਆਰ. ਦਾ ਨਿਪਟਾਰਾ ਕਰਨਾ ਹੈ ਤਾਂ ਡੀ. ਆਈ. ਜੀ. ਸਾਹਿਬ ਦਾ ਸੇਵਾ-ਪਾਣੀ ਕਰਨਾ ਹੋਵੇਗਾ।

1 ਲੱਖ ਟੋਕਨ ਮਨੀ ਜੇ ਨਾ ਦਿੱਤੀ ਤਾਂ ਗ੍ਰਿਫਤਾਰ ਕਰ ਲਵਾਂਗੇ

ਡੀ. ਆਈ. ਜੀ. ਭੁੱਲਰ ਨੇ ਇਕ ਲੱਖ ਰੁਪਏ ਦੀ ਟੋਕਨ ਮਨੀ ਮੰਗੀ, ਤਾਂ ਸ਼ਿਕਾਇਤਕਰਤਾ ਨੇ ਮਨ੍ਹਾ ਕਰ ਦਿੱਤਾ। ਸਤੰਬਰ, 2025 ਨੂੰ ਆਖਰੀ ਹਫ਼ਤੇ ‘ਚ ਡੀ. ਆਈ. ਜੀ. ਭੁੱਲਰ ਨੇ ਦਫਤਰ ਸੱਦ ਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਮਾਮਲੇ ‘ਚ ਹੱਲ ਚਾਹੁੰਦੇ ਹੋ ਅਤੇ ਸ਼ਾਂਤੀ ਨਾਲ ਕਾਰੋਬਾਰ ਕਰਨਾ ਹੈ ਤਾਂ ਰਿਸ਼ਵਤ ਦੀ ਰਕਮ ਦੇਣੀ ਪਵੇਗੀ, ਨਹੀਂ ਤਾਂ ਉਸ ਦੇ ਖਿਲਾਫ ਚਲਾਨ ਪੇਸ਼ ਕੀਤਾ ਜਾਵੇਗਾ । ਡੀ. ਆਈ. ਜੀ. ਨੇ ਕਿਹਾ ਕਿ ਕਿਰਸਾਨੂ ਰਿਸ਼ਵਤ ਦੀ ਰਕਮ ਬਾਰੇ ਦੱਸ ਦੇਵੇਗਾ।

ਕਿਰਸ਼ਾਨੂ ਨੇ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਦੀ ਮੰਗ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਸੀ. ਬੀ. ਆਈ. ਨੇ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ। ਕਿਰਸ਼ਾਨੂ ਨੇ ਰਿਸ਼ਵਤ ਲੈਣ ਲਈ ਸ਼ਿਕਾਇਤਕਰਤਾ ਨੂੰ ਚੰਡੀਗੜ੍ਹ ਦੇ ਸੈਕਟਰ-9 ‘ਚ ਬੁਲਾਇਆ। ਸੀ. ਬੀ. ਆਈ. ਨੇ ਜਾਲ ਵਿਛਾ ਕੇ ਵਿਚੋਲੇ ਕਿਰਸਾਨੂੰ ਨੂੰ ਦਬੋਚ ਲਿਆ । ਇਸ ਤੋਂ ਬਾਅਦ ਕਿਰਸਾਨੂ ਨੇ ਡੀ. ਆਈ. ਜੀ. ਦੇ ਮੋਬਾਈਲ ਨੰਬਰ ‘ਤੇ ਵਟਸਐਪ ਕਾਲ ਕੀਤੀ । ਡੀ. ਆਈ. ਜੀ. ਨੇ ਕਿਹਾ, “8 ਫੜਨੇ ਹਨ ਤੇ ਫਿਰ ਜਿੰਨਾ ਦਿੰਦਾ, ਨਾਲ-ਨਾਲ ਫੜੀ ਚੱਲ, ਉਸ ਨੂੰ ਕਹਿ ਦੇ 8 ਲੱਖ ਪੂਰੇ ਕਰ ਦੇਵੇ।” ਇਸ ਤੋਂ ਬਾਅਦ ਸੀ. ਬੀ. ਆਈ. ਨੇ ਪੰਜਾਬ ‘ਚ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ * ਭੁੱਲਰ ਨੂੰ ਮੋਹਾਲੀ ਸਥਿਤ ਦਫਤਰ ‘ਚੋਂ ਗ੍ਰਿਫਤਾਰ ਕੀਤਾ।

ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਨਾਲ ਇੱਕ ਵਿਚੋਲਾ ਵੀ ਰੰਗੇ ਹੱਥੀਂ ਫੜਿਆ ਗਿਆ। ਦੋਵੇਂ ਨੂੰ ਅੱਜ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਏਜੰਸੀ ਰਿਮਾਂਡ ਦੀ ਮੰਗ ਕਰੇਗੀ।

ਰਿਸ਼ਵਤ ਮਾਮਲੇ ਦੀ ਪੂਰੀ ਕਹਾਣੀ
ਜਾਣਕਾਰੀ ਮੁਤਾਬਕ, ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਫ਼ਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ ਇੱਕ ਪੁਰਾਣੇ ਕੇਸ ਦੀ ਚਾਰਜਸ਼ੀਟ ਦਾਇਰ ਨਾ ਕਰਨ ਦੀ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਡੀਲਰ ਨੇ ਇਸ ਬਾਰੇ ਸੀਬੀਆਈ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਜਾਲ ਵਿਛਾ ਕੇ ਭੁੱਲਰ ਦੇ ਵਿਚੋਲੇ ਨੂੰ ਚੰਡੀਗੜ੍ਹ ਦੇ ਸੈਕਟਰ 21 ਵਿੱਚ ਰੰਗੇ ਹੱਥੀਂ ਫੜਿਆ ਗਿਆ। ਫੋਨ ਕਾਲ ‘ਤੇ ਡੀਆਈਜੀ ਨੇ ਰਿਸ਼ਵਤ ਦੀ ਮੰਗ ਸਵੀਕਾਰ ਕੀਤੀ, ਜਿਸ ਤੋਂ ਬਾਅਦ ਉਸਨੂੰ ਉਸ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਘਰੋਂ 7 ਕਰੋੜ ਰੁਪਏ ਅਤੇ ਲਗਜ਼ਰੀ ਸਮਾਨ ਬਰਾਮਦ
ਗ੍ਰਿਫ਼ਤਾਰੀ ਤੋਂ ਬਾਅਦ ਸੀਬੀਆਈ ਦੀ ਲਗਭਗ 52 ਮੈਂਬਰੀ ਟੀਮ ਨੇ ਭੁੱਲਰ ਦੇ ਮੋਹਾਲੀ ਦਫ਼ਤਰ ਅਤੇ ਚੰਡੀਗੜ੍ਹ ਦੇ ਸੈਕਟਰ 40 ਸਥਿਤ ਬੰਗਲੇ ਦੀ ਤਲਾਸ਼ੀ ਲਈ। ਇਸ ਦੌਰਾਨ ਤਿੰਨ ਬੈਗਾਂ ਅਤੇ ਦੋ ਬ੍ਰੀਫਕੇਸਾਂ ਵਿੱਚੋਂ ਲਗਭਗ ₹7 ਕਰੋੜ ਦੀ ਨਕਦੀ ਬਰਾਮਦ ਹੋਈ। ਨਕਦ ਦੀ ਗਿਣਤੀ ਲਈ ਤਿੰਨ ਨੋਟ-ਗਿਣਨ ਮਸ਼ੀਨਾਂ ਮੰਗਵਾਉਣੀਆਂ ਪਈਆਂ।

ਇਸ ਤੋਂ ਇਲਾਵਾ, ਤਲਾਸ਼ੀ ਦੌਰਾਨ ਹੇਠ ਲਿਖੀ ਸਮੱਗਰੀ ਵੀ ਬਰਾਮਦ ਕੀਤੀ ਗਈ:

  • ਲਗਭਗ 2 ਕਿਲੋਗ੍ਰਾਮ ਸੋਨੇ ਦੇ ਗਹਿਣੇ
  • 22 ਲਗਜ਼ਰੀ ਘੜੀਆਂ
  • ਵਿਦੇਸ਼ੀ ਸ਼ਰਾਬ ਦੀਆਂ 40 ਲੀਟਰ ਬੋਤਲਾਂ
  • 1 ਡਬਲ ਬੈਰਲ ਬੰਦੂਕ, 1 ਪਿਸਤੌਲ, 1 ਰਿਵਾਲਵਰ, 1 ਏਅਰਗਨ ਅਤੇ ਗੋਲਾ-ਬਾਰੂਦ
  • ਦੋ ਲਗਜ਼ਰੀ ਕਾਰਾਂ (ਮਰਸੀਡੀਜ਼ ਅਤੇ ਔਡੀ) ਦੀਆਂ ਚਾਬੀਆਂ
  • ਬੈਂਕ ਲਾਕਰਾਂ ਦੀਆਂ ਚਾਬੀਆਂ ਅਤੇ ਕਈ ਜਾਇਦਾਦਾਂ ਦੇ ਦਸਤਾਵੇਜ਼

ਵਿਚੋਲੇ ਤੋਂ ਵੀ 21 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।

ਡੀਆਈਜੀ ਦੀ ਜਾਇਦਾਦਾਂ ਦੀ ਲਿਸਟ
ਸੀਬੀਆਈ ਅਨੁਸਾਰ, ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਹੇਠ ਲਿਖੀਆਂ ਅਚੱਲ ਸੰਪਤੀਆਂ ਸਾਹਮਣੇ ਆਈਆਂ ਹਨ:

  • ਜਲੰਧਰ ਦੇ ਪਿੰਡ ਕੋਟ ਕਲਾਂ ਵਿਚ ਫਾਰਮਹਾਊਸ – ਕੀਮਤ ₹2 ਕਰੋੜ
  • ਚੰਡੀਗੜ੍ਹ ਸੈਕਟਰ 39-B ਵਿਚ ਫਲੈਟ – ₹1.5 ਕਰੋੜ
  • ਚੰਡੀਗੜ੍ਹ ਸੈਕਟਰ 40-B ਵਿਚ ਬੰਗਲਾ – ₹4 ਕਰੋੜ
  • ਮੋਹਾਲੀ ਵਿਚ ਪਤਨੀ ਦੇ ਨਾਮ ‘ਤੇ ਫਲੈਟ
  • ਲੁਧਿਆਣਾ ਦੇ ਇਆਲੀ ਖੁਰਦ ਵਿਚ 3 ਕਨਾਲ 18 ਮਰਲੇ ਜ਼ਮੀਨ
  • ਕਪੂਰਥਲਾ ਦੇ ਖਜੂਰਲਾ ਵਿਚ 5 ਕਨਾਲ 10 ਮਰਲੇ ਜ਼ਮੀਨ

ਡੀਆਈਜੀ ਦੀ ਮਹੀਨਾਵਾਰ ਤਨਖਾਹ ₹2,16,600 ਹੈ।

ਪਰਿਵਾਰਕ ਪਿਛੋਕੜ
ਹਰਚਰਨ ਸਿੰਘ ਭੁੱਲਰ 2009 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਦੇ ਪਿਤਾ ਮਹਿਲ ਸਿੰਘ ਭੁੱਲਰ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਰਹਿ ਚੁੱਕੇ ਹਨ, ਜਦਕਿ ਉਨ੍ਹਾਂ ਦੇ ਭਰਾ ਕੁਲਦੀਪ ਭੁੱਲਰ ਸਾਬਕਾ ਕਾਂਗਰਸੀ ਵਿਧਾਇਕ ਹਨ।

ਸੀਬੀਆਈ ਦੀ ਅਗਲੀ ਕਾਰਵਾਈ
ਸੂਤਰਾਂ ਅਨੁਸਾਰ, ਸਕ੍ਰੈਪ ਡੀਲਰ ਵੱਲੋਂ ਨਾਮਜ਼ਦ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਇੱਕ ਅਧਿਕਾਰੀ ਤੱਕ ਸੀਮਤ ਨਹੀਂ, ਬਲਕਿ ਇਸ ਵਿੱਚ ਹੋਰ ਪੁਲਿਸ ਅਧਿਕਾਰੀਆਂ ਦੀ ਸਾਂਝ ਹੋਣ ਦੀ ਸੰਭਾਵਨਾ ਹੈ।

ਸੀਬੀਆਈ ਨੇ ਕਿਹਾ: “ਇਹ ਗ੍ਰਿਫ਼ਤਾਰੀ ਇੱਕ ਵੱਡੀ ਕਾਰਵਾਈ ਦਾ ਹਿੱਸਾ ਹੈ, ਜਿਸ ਨਾਲ ਰਿਸ਼ਵਤਖੋਰੀ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇਗਾ।”

RELATED ARTICLES
- Advertisment -
Google search engine
Google search engine
Google search engine

Most Popular

Recent Comments