Home ਪਟਿਆਲਾ ਅਪਡੇਟ ਪ੍ਰਸਿੱਧ ਨਿੱਜੀ ਸਕੂਲ ਵਿੱਚ 9 ਸਾਲ ਦੀ ਬੱਚੀ ਨਾਲ ਦੁਰਵਿਵਹਾਰ — ਮਾਪਿਆਂ...

ਪ੍ਰਸਿੱਧ ਨਿੱਜੀ ਸਕੂਲ ਵਿੱਚ 9 ਸਾਲ ਦੀ ਬੱਚੀ ਨਾਲ ਦੁਰਵਿਵਹਾਰ — ਮਾਪਿਆਂ ਵਲੋਂ ਰਾਜਪੁਰਾ ਰੋਡ ਜਾਮ, ਕੜੀ ਕਾਰਵਾਈ ਦੀ ਮੰਗ

0

ਪਟਿਆਲਾ – ਸ਼ਹਿਰ ਦੇ ਐਸ.ਐਸ.ਟੀ. ਨਗਰ ਸਥਿਤ ਇੱਕ ਪ੍ਰਸਿੱਧ ਨਿੱਜੀ ਸਕੂਲ ਵਿੱਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਕੂਲ ਦੇ ਪੀਟੀ ਟੀਚਰ ਉੱਤੇ 9 ਸਾਲ ਦੀ ਨਾਬਾਲਗ਼ ਬੱਚੀ ਨਾਲ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਘਟਨਾ ਨੇ ਨਾ ਸਿਰਫ਼ ਸਕੂਲ ਪ੍ਰਬੰਧਕਾਂ ਨੂੰ ਹਿਲਾ ਦਿੱਤਾ ਹੈ, ਸਗੋਂ ਪੂਰੇ ਪਟਿਆਲਾ ਸ਼ਹਿਰ ਵਿੱਚ ਰੋਸ ਦੀ ਲਹਿਰ ਦੌੜ ਪਈ ਹੈ।

ਲਾਹੌਰੀ ਗੇਟ ਪੁਲਿਸ ਥਾਣੇ ਵਿੱਚ ਮੁਲਜ਼ਮ ਵਿਰੁੱਧ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਟੀਚਰ ਨੂੰ ਕਾਬੂ ਕਰ ਲਿਆ ਹੈ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਈ ਅਰਜ਼ੀ ਦਿਤੀ ਜਾਵੇਗੀ।

ਬੱਚੀ ਨਾਲ ਹੋਇਆ ਕਈ ਵਾਰ ਸ਼ੋਸ਼ਣ
ਪ੍ਰਾਪਤ ਜਾਣਕਾਰੀ ਅਨੁਸਾਰ, ਟੀਚਰ ਪਿਛਲੇ ਕਾਫ਼ੀ ਸਮੇਂ ਤੋਂ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਸੀ। ਉਹ ਬੱਚੀ ਨੂੰ ਸਕੂਲ ਦੇ ਪਖਾਨੇ ਵਿਚ ਲੈ ਜਾ ਕੇ ਉਸ ਨਾਲ ਜਬਰ ਜਨਾਹ ਕਰਦਾ ਸੀ। ਜਦੋਂ ਬੱਚੀ ਨੇ ਇਹ ਗੱਲ ਆਪਣੇ ਮਾਪਿਆਂ ਨੂੰ ਦੱਸੀ, ਤਾਂ ਉਨ੍ਹਾਂ ਵਲੋਂ ਤੁਰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬੱਚੀ ਦੇ ਬਿਆਨਾਂ ਅਤੇ ਪ੍ਰਮਾਣਾਂ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।

ਪਿਛਲੇ ਸਮੇਂ ਵੀ ਆ ਚੁੱਕਾ ਹੈ ਸ਼ੋਸ਼ਣ ਦਾ ਮਾਮਲਾ
ਗ਼ੌਰਤਲਬ ਹੈ ਕਿ ਦੋ-ਤਿੰਨ ਮਹੀਨੇ ਪਹਿਲਾਂ ਵੀ ਇਸੇ ਸਕੂਲ ਦੀ ਮੁੱਖ ਸ਼ਾਖਾ ਅਰਬਿੰਦੋ ਸਕੂਲ ਵਿੱਚ ਵਿਦਿਆਰਥੀ ਨਾਲ ਸ਼ਾਰੀਰੀਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਵੀ ਪੁਲਿਸ ਨੇ ਕੇਸ ਦਰਜ ਕੀਤਾ ਸੀ, ਪਰ ਹੁਣ ਤੱਕ ਸਕੂਲ ਪ੍ਰਬੰਧਨ ਵਲੋਂ ਕਿਸੇ ਤਰ੍ਹਾਂ ਦਾ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।

ਪ੍ਰਸ਼ਾਸਨ ਅਤੇ ਬਾਲ ਸੁਰੱਖਿਆ ਵਿਭਾਗ ਸਚੇਤ
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਵਲੋਂ ਸੂਚਨਾ ਮਿਲੀ ਹੈ ਅਤੇ ਬੱਚੀ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ। ਨਾਲ ਹੀ ਬੱਚੀ ਦਾ ਮੈਡੀਕਲ ਟੈਸਟ ਵੀ ਕਰਵਾਇਆ ਜਾ ਰਿਹਾ ਹੈ, ਤਾਂ ਜੋ ਤੱਥਾਂ ਦੀ ਪੁਸ਼ਟੀ ਹੋ ਸਕੇ।

ਮਾਪਿਆਂ ਦਾ ਰੋਸ, ਰਾਜਪੁਰਾ ਰੋਡ ਜਾਮ
ਇਸ ਘਟਨਾ ਦੇ ਵਿਰੋਧ ਵਿੱਚ ਅੱਜ ਸਵੇਰੇ ਸਕੂਲ ਦੇ ਬੱਚਿਆਂ ਦੇ ਮਾਪਿਆਂ ਵਲੋਂ ਰਾਜਪੁਰਾ ਰੋਡ ‘ਤੇ ਧਰਨਾ ਦੇ ਕੇ ਟ੍ਰੈਫ਼ਿਕ ਜਾਮ ਕਰ ਦਿੱਤਾ ਗਿਆ। ਮਾਪਿਆਂ ਨੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਨ ਦੇ ਖ਼ਿਲਾਫ਼ ਵੀ ਕੇਸ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਦੀ ਲਾਪਰਵਾਹੀ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਰ-ਵਾਰ ਹੋ ਰਹੀਆਂ ਹਨ।

ਲੋਕਾਂ ਨੇ ਜ਼ੋਰ ਦਿੱਤਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਤੁਰੰਤ ਕਾਰਵਾਈ ਕਰੇ ਅਤੇ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣ।

ਪੁਲਿਸ ਦਾ ਬਿਆਨ: “ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਹਰ ਪੱਖ ਦੀ ਜਾਂਚ ਕੀਤੀ ਜਾਵੇਗੀ।”

Exit mobile version