ਸਮਾਣਾ ਹਲਕੇ ਦੇ ਲੋਕਾਂ ਦੀ ਹਰ ਸਮੱਸਿਆ ਦਾ ਤੇਜੀ ਨਾਲ ਹੋ ਰਿਹਾ ਹੈ ਹੱਲ-ਚੇਤਨ ਸਿੰਘ ਜੌੜਾਮਾਜਰਾ
ਸਮਾਣਾ (ਪੰਜਾਬ): ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕੇ ਦੀਆਂ 100 ਦਿਹਾਤੀ ਲਿੰਕ ਸੜਕਾਂ ਦੀ ਨਵੀਂ ਮੁਰੰਮਤ ਅਤੇ ਨਿਰਮਾਣ ਲਈ 32.17 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਸਾਰੇ ਕਾਰਜ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤੇ ਗਏ ਹਨ।

ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹਲਕੇ ਦਾ ਚਹੁੰਤਰਫ਼ਾ ਵਿਕਾਸ ਉਨ੍ਹਾਂ ਦੀ ਮੁਢਲੀ ਤਰਜੀਹ ਹੈ ਅਤੇ ਇਸ ਲਈ ਹਰ ਪਿੰਡ ਦੀ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪਟਿਆਲਾ-ਸਮਾਣਾ ਰੋਡ ਤੋਂ ਬਿਜਲਪੁਰ, ਸੈਦਪੁਰ, ਨੱਸੂਪੁਰ, ਗੁਰਦੁਆਰਾ ਸਾਹਿਬ, ਰਾਜਲਾ-ਕੋਟਲਾ ਨਸਰੂ, ਧਨੌਰੀ, ਭਵਾਨੀਗੜ੍ਹ ਰੋਡ ਸਮੇਤ ਕੁੱਲ 9.87 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਵੀ 1.27 ਕਰੋੜ ਰੁਪਏ ਦੀ ਲਾਗਤ ਨਾਲ ਕੁਝ ਹੋਰ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕੀਤੇ ਗਏ ਹਨ, ਜਿਵੇਂ ਕਿ ਕੱਲਰ ਭੈਣੀ, ਪਟਿਆਲਾ-ਸਮਾਣਾ ਰੋਡ ਤੋਂ ਕਕਰਾਲਾ, ਬਠੋਈ ਖੁਰਦ ਤੋਂ ਦਸਮੇਸ਼ ਨਗਰ, ਰੰਧਾਵਾ ਰਾਮਨਗਰ ਕਰਹਾਲੀ ਰੋਡ ਆਦਿ।
ਵਿਧਾਇਕ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਮਾਣਾ ਹਲਕੇ ‘ਤੇ ਧਿਆਨ ਨਾ ਦੇਣ ਕਾਰਨ ਸੜਕਾਂ ਬਹੁਤ ਖਰਾਬ ਹੋ ਗਈਆਂ ਸੀ। ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ਨਾਲ ਇਹ ਸੜਕਾਂ ਪੰਜ ਸਾਲ ਤੱਕ ਮੁਰੰਮਤ ਲਈ ਸਬੰਧਤ ਠੇਕੇਦਾਰ ਦੀ ਜਿੰਮੇਵਾਰੀ ਹੇਠ ਬਣਦੀਆਂ ਰਹਿਣਗੀਆਂ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ, ਸਰਪੰਚ ਅਤੇ ਪਿੰਡਾਂ ਦੇ ਮੋਹਤਬਰ ਨਿਵਾਸੀਆਂ ਨੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਸਨਮਾਨ ਦਿੱਤਾ ਅਤੇ ਸੜਕਾਂ ਬਣਾਉਣ ਲਈ ਧੰਨਵਾਦ ਕੀਤਾ।







