ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਦਾਅਵਾ ਕਰਨ ਤੋਂ ਬਾਅਦ ਕਿ ਭਾਰਤ ਜਲਦੀ ਹੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਸਕਦਾ ਹੈ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸ ਬਾਰੇ ਅਧਿਕਾਰਕ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸਪਸ਼ਟ ਕੀਤਾ ਕਿ ਭਾਰਤ ਦੀ ਤੇਲ ਆਯਾਤ ਨੀਤੀ ਪੂਰੀ ਤਰ੍ਹਾਂ ਆਪਣੇ ਰਾਸ਼ਟਰੀ ਹਿੱਤਾਂ ਅਤੇ ਊਰਜਾ ਸੁਰੱਖਿਆ ਦੇ ਟੀਚਿਆਂ ਅਨੁਸਾਰ ਹੈ, ਨਾ ਕਿ ਕਿਸੇ ਹੋਰ ਦੇਸ਼ ਦੇ ਦਬਾਅ ਹੇਠ।
ਬੁਲਾਰੇ ਨੇ ਕਿਹਾ, “ਭਾਰਤ ਤੇਲ ਅਤੇ ਗੈਸ ਦਾ ਇੱਕ ਮਹੱਤਵਪੂਰਨ ਆਯਾਤਕ ਦੇਸ਼ ਹੈ। ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਾਡੀ ਨਿਰੰਤਰ ਤਰਜੀਹ ਰਹੀ ਹੈ। ਸਾਡੀ ਆਯਾਤ ਨੀਤੀ ਦਾ ਮਕਸਦ ਸਥਿਰ ਕੀਮਤਾਂ ਅਤੇ ਸੁਰੱਖਿਅਤ ਸਪਲਾਈ ਨੂੰ ਯਕੀਨੀ ਬਣਾਉਣਾ ਹੈ। ਇਸ ਵਿੱਚ ਸਪਲਾਈ ਸੌਤਰਾਂ ਨੂੰ ਵਧਾਉਣਾ ਅਤੇ ਵਿਭਿੰਨ ਬਣਾਉਣਾ ਸ਼ਾਮਲ ਹੈ।”
ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਨਾਲ ਭਾਰਤ ਦੇ ਊਰਜਾ ਸਹਿਯੋਗੀ ਸੰਬੰਧ ਮਜ਼ਬੂਤ ਹੋ ਰਹੇ ਹਨ। ਪਿਛਲੇ ਦਹਾਕੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਊਰਜਾ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਹੋਈ ਹੈ ਅਤੇ ਮੌਜੂਦਾ ਅਮਰੀਕੀ ਪ੍ਰਸ਼ਾਸਨ ਨੇ ਵੀ ਇਸ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਟਰੰਪ ਨੇ ਕੀ ਕਿਹਾ ਸੀ?
ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਗਾ ਰਿਸ਼ਤਾ ਹੈ ਅਤੇ ਮੋਦੀ ਨੇ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਜਲਦੀ ਹੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਟਰੰਪ ਨੇ ਇਸਨੂੰ “ਇੱਕ ਵੱਡਾ ਕਦਮ” ਕਰਾਰ ਦਿੱਤਾ ਅਤੇ ਕਿਹਾ ਕਿ ਹੁਣ ਚੀਨ ਨੂੰ ਵੀ ਅਜਿਹਾ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।
ਟਰੰਪ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਹਾਲੀਆ ਮੁਲਾਕਾਤ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ, “ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਸ਼ਾਨਦਾਰ ਅਤੇ ਮਹਾਨ ਵਿਅਕਤੀ ਹਨ।”
