ਪਟਿਆਲਾ ’ਚ 132 ਕਿਲੋ ਸ਼ੱਕੀ ਖੋਆ ਤੇ ਮਿਠਾਈ ਜਬਤ
ਪਟਿਆਲਾ : ਤਿਉਹਾਰਾਂ ਦੇ ਮੌਸਮ ਵਿੱਚ ਲੋਕਾਂ ਨੂੰ ਸੁਰੱਖਿਅਤ ਅਤੇ ਬਿਨਾਂ ਮਿਲਾਵਟ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਭੋਜਨ ਸੁਰੱਖਿਆ ਟੀਮਾਂ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਟੀਮਾਂ ਵੱਲੋਂ ਵੱਖ-ਵੱਖ ਮਿਠਾਈ ਇਕਾਈਆਂ ’ਤੇ ਅਚਨਚੇਤ ਛਾਪੇ ਮਾਰ ਕੇ 12 ਨਮੂਨੇ ਭਰੇ ਗਏ ਹਨ ਅਤੇ 107 ਕਿਲੋਗ੍ਰਾਮ ਖੋਆ ਬਰਫ਼ੀ ਤੇ 25 ਕਿਲੋਗ੍ਰਾਮ ਮਿੱਠਾ ਖੋਆ ਜਬਤ ਕੀਤਾ ਗਿਆ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬਾਬੂ ਸਿੰਘ ਕਲੋਨੀ ਵਿਖੇ ਮਿਠਿਆਈਆਂ ਬਣਾਉਣ ਵਾਲੀ ਇੱਕ ਫੈਕਟਰੀ ਦਾ ਨਿਰੀਖਣ ਕਰਦਿਆਂ ਉਨ੍ਹਾਂ ਦੀ ਟੀਮ ਨੇ ਗੁਣਵੱਤਾ ਦੀ ਜਾਂਚ ਲਈ ਗੁਲਾਬ ਜਾਮੁਨ, ਰਸਗੁੱਲਾ, ਬਰਫ਼ੀ, ਢੋਡਾ ਬਰਫ਼ੀ, ਛੈਨਾ ਮੁਰਗੀ, ਖੋਆ ਬਰਫ਼ੀ ਆਦਿ ਦੇ ਸੈਂਪਲ ਭਰੇ। ਉਨ੍ਹਾਂ ਕਿਹਾ ਕਿ ਕੁਝ ਪਦਾਰਥਾਂ ਦੀ ਗੁਣਵੱਤਾ ਸ਼ੱਕੀ ਪਾਈ ਗਈ ਹੈ, ਜਿਸ ਕਾਰਨ ਸਮੱਗਰੀ ਨੂੰ ਸੁਰੱਖਿਅਤ ਰੱਖ ਕੇ ਸਟੇਟ ਫੂਡ ਲੈਬਾਰਟਰੀ, ਖਰੜ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਐਫ.ਡੀ.ਏ. ਕਮਿਸ਼ਨਰ ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਡਾ. ਗੁਰਪ੍ਰੀਤ ਕੌਰ ਦੀ ਟੀਮ ਵਿੱਚ ਫੂਡ ਸੇਫਟੀ ਅਫ਼ਸਰ ਤਰੁਣ ਬਾਂਸਲ, ਜਸਵਿੰਦਰ ਸਿੰਘ ਤੇ ਗੌਰਵ ਕੁਮਾਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਮਿਲਾਵਟੀ ਮਿਠਾਈਆਂ ਤੇ ਪਨੀਰ ਆਦਿ ਦੀ ਆਮਦ ਰੋਕਣ ਲਈ ਹਰਿਆਣਾ ਬਾਰਡਰ ’ਤੇ ਰਾਤੀ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕਿ ਜਾਂਚ ਦੌਰਾਨ ਕੁਝ ਇਕਾਈਆਂ ਵਿੱਚ ਅਸੁਰੱਖਿਅਤ ਅਤੇ ਗ਼ੈਰ ਮਿਆਰੀ ਹਾਲਾਤਾਂ ਵਿੱਚ ਖਾਧ ਪਦਾਰਥ ਤਿਆਰ ਹੋ ਰਹੇ ਸਨ, ਜਿਸ ਕਰਕੇ ਇੱਕ ਫੈਕਟਰੀ ਦਾ ਮੌਕੇ ’ਤੇ ਹੀ ਚਲਾਨ ਕੱਟਿਆ ਗਿਆ। ਉਨ੍ਹਾਂ ਸੂਚਨਾ ਦਿੱਤੀ ਕਿ ਸਾਰਾ ਜਬਤ ਸਮਾਨ ਲੈਬ ਰਿਪੋਰਟ ਆਉਣ ਤੱਕ ਸੁਰੱਖਿਅਤ ਰੱਖਿਆ ਜਾਵੇਗਾ।
ਡਾ. ਗੁਰਪ੍ਰੀਤ ਕੌਰ ਨੇ ਮਿਠਾਈ ਉਤਪਾਦਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਐਫ਼.ਐਸ.ਐਸ.ਏ.ਆਈ. ਦੇ ਸ਼ਡਿਊਲ-ਚਾਰ ਅਤੇ ਐਫ.ਐਸ.ਐਮ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੰਗੇ ਨਿਰਮਾਣ ਅਭਿਆਸ (GMP) ਅਤੇ ਚੰਗੇ ਸਫਾਈ ਅਭਿਆਸ (GHP) ਦੀ ਪਾਲਣਾ ਯਕੀਨੀ ਬਣਾਉਣ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਿੱਥੇ ਮਿਠਾਈਆਂ ਬਣਦੀਆਂ ਹਨ, ਉਥੇ ਸਫ਼ਾਈ, ਕਰਮਚਾਰੀਆਂ ਦੀ ਸਿਹਤ, ਸਹੀ ਉਪਕਰਣਾਂ ਦੀ ਦੇਖਭਾਲ, ਰਿਕਾਰਡ ਰੱਖਣ ਅਤੇ ਕੀਟ ਨਿਯੰਤਰਣ ਦੀ ਪਾਲਣਾ ਜਰੂਰੀ ਹੈ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਮਿਠਾਈ ਕਾਰੋਬਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਦੁੱਧ, ਪਨੀਰ ਅਤੇ ਖੋਆ ਦਾ ਸਰੋਤ ਸਾਫ਼ ਹੋਵੇ, ਤਾਂ ਜੋ ਮਿਲਾਵਟੀ ਜਾਂ ਨਕਲੀ ਸਮਾਨ ਲੋਕਾਂ ਤੱਕ ਨਾ ਪਹੁੰਚੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਹੜੇ ਲੋਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ, ਉਨ੍ਹਾਂ ਖ਼ਿਲਾਫ਼ ਬੇਰਹਮੀ ਨਾਲ ਕਾਰਵਾਈ ਕੀਤੀ ਜਾਵੇਗੀ।
