ਦੂਧਨਸਾਧਾਂ/ਭੁੱਨਰਹੇੜੀ, 16 ਅਕਤੂਬਰ: ਹਲਕਾ ਸਨੌਰ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਰਾਹਤ ਦੀ ਖ਼ੁਸ਼ਖ਼ਬਰੀ ਹੈ। ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਅੱਜ 12 ਪਿੰਡਾਂ ਦੇ 255 ਪ੍ਰਭਾਵਿਤ ਲੋਕਾਂ ਨੂੰ 1.24 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ। ਇਹ ਸਮਾਰੋਹ ਦੂਧਨਸਾਧਾਂ ਤਹਿਸੀਲ ਕੰਪਲੈਕਸ ਅਤੇ ਭੁੱਨਰਹੇੜੀ ਬੀਡੀਪੀਓ ਦਫ਼ਤਰ ਵਿਖੇ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਨਾਲ ਸਨੌਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸ਼ਨ, ਐਸ.ਡੀ.ਐਮ. ਦੂਧਨਸਾਧਾਂ ਕਿਰਪਾਲਵੀਰ ਸਿੰਘ ਅਤੇ ਐਸ.ਡੀ.ਐਮ. ਪਟਿਆਲਾ ਹਰਜੋਤ ਕੌਰ ਮਾਵੀ ਵੀ ਮੌਜੂਦ ਸਨ।

ਚੇਅਰਮੈਨ ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਰਕਾਰ ਦੀ ਕਿਸਾਨ ਹਿਤੈਸ਼ੀ ਨੀਤੀ ਅਤੇ ਉਨ੍ਹਾਂ ਦੀ ਭਲਾਈ ਪ੍ਰਤੀ ਸੰਵੇਦਨਸ਼ੀਲ ਸੋਚ ਦਾ ਪ੍ਰਤੀਕ ਹੈ।
ਉਨ੍ਹਾਂ ਦੱਸਿਆ ਕਿ ਸਨੌਰ ਹਲਕੇ ਦੇ 31 ਪਿੰਡਾਂ ਵਿੱਚ ਟਾਂਗਰੀ ਤੇ ਮਾਰਕੰਡਾ ਦਰਿਆਵਾਂ ਦੇ ਪਾਣੀਆਂ ਨੇ ਵੱਡਾ ਨੁਕਸਾਨ ਕੀਤਾ, ਜਿਸ ਨਾਲ 5000 ਏਕੜ ਤੋਂ ਵੱਧ ਰਕਬਾ ਪ੍ਰਭਾਵਿਤ ਹੋਇਆ। ਅੱਜ ਦੇ ਸਮਾਰੋਹ ਦੌਰਾਨ 700 ਏਕੜ ਰਕਬੇ ਦੇ ਨੁਕਸਾਨ ਦਾ ਮੁਆਵਜ਼ਾ ਜਾਰੀ ਕੀਤਾ ਗਿਆ ਹੈ।
ਚੇਅਰਮੈਨ ਨੇ ਕਿਹਾ ਕਿ ਪਟਿਆਲਾ ਸਬ ਡਿਵਿਜ਼ਨ ਦੇ ਬਡਲੀ ਤੇ ਉਲਟਪੁਰ ਪਿੰਡਾਂ, ਅਤੇ ਦੂਧਨਸਾਧਾਂ ਸਬ ਡਿਵਿਜ਼ਨ ਦੇ ਤਾਜਲਪੁਰ, ਔਂਜਾਂ, ਸਾਦਕਪੁਰ ਵੀਰਾਂ, ਬਰਕਤਪੁਰ, ਰੁਕੜੀ ਬੁੱਧ ਸਿੰਘ, ਅਕਬਰਪੁਰ ਮੁਰਾਦਮਾਜਰਾ, ਬਡਲਾ, ਮੱਗਰ ਸਾਹਿਬ, ਬਹਾਦਰਪੁਰ ਨਿਮਕਗੀਰਾ ਤੇ ਦੂਧਨ ਗੁੱਜਰਾਂ ਦੇ 251 ਲਾਭਪਾਤਰੀਆਂ ਨੂੰ 1 ਕਰੋੜ 24 ਲੱਖ ਰੁਪਏ ਦੀ ਰਕਮ ਸਿੱਧੇ ਖਾਤਿਆਂ ਵਿੱਚ ਜਮ੍ਹਾਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੁਆਵਜ਼ੇ ਦੇ ਸਾਰੇ ਕੇਸ ਪਾਰਦਰਸ਼ੀ ਤਰੀਕੇ ਨਾਲ ਜਾਂਚੇ ਤੇ ਮਨਜ਼ੂਰ ਕੀਤੇ ਗਏ ਹਨ, ਅਤੇ ਇਹ ਸਹਾਇਤਾ ਕਿਸਾਨਾਂ ਨੂੰ ਅਗਲੀ ਫ਼ਸਲ ਦੀ ਤਿਆਰੀ ਲਈ ਵੱਡਾ ਆਧਾਰ ਪ੍ਰਦਾਨ ਕਰੇਗੀ।
ਇਸ ਮੌਕੇ ਬੀਡੀਪੀਓ ਸੰਦੀਪ ਸਿੰਘ, ਨਾਇਬ ਤਹਿਸੀਲਦਾਰ ਅਰਮਾਨ ਜੋਸ਼ਨ, ਸੁਪਰਡੈਂਟ ਮਨਦੀਪ ਕੌਰ, ਪੰਚਾਇਤ ਅਫਸਰ ਬਲਜੀਤ ਸਿੰਘ, ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।







