ਪਟਿਆਲਾ : ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਦੀਵਾਲੀ ਤੋਂ ਪਹਿਲਾਂ ਪਟਿਆਲਾ ਵਾਸੀਆਂ ਨੂੰ 5 ਨਵੀਆਂ ਅੱਗ ਬੁਝਾਊ ਗੱਡੀਆਂ ਸਮਰਪਿਤ ਕੀਤੀਆਂ, ਜੋ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਸੌਗਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਟਿਆਲਾ ਨੂੰ ਦਿੱਤੀ ਗਈ ਹੈ। ਇਸ ਮੌਕੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਵੀ ਮੌਜੂਦ ਸਨ।
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਨਵੇਂ ਉਪਰਾਲੇ ਨਾਲ ਪਟਿਆਲਾ ਵਾਸੀਆਂ ਦੀ ਸੁਰੱਖਿਆ ਪ੍ਰਣਾਲੀ ਹੋਰ ਮਜ਼ਬੂਤ ਬਣੇਗੀ। ਇਹ ਪੰਜਾਬ ਸਰਕਾਰ ਵੱਲੋਂ ਦਿੱਤੀ ਇੱਕ ਵੱਡੀ ਭੇਟ ਹੈ ਜੋ ਸ਼ਹਿਰ ਨੂੰ ਆਧੁਨਿਕ ਫਾਇਰ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਲਾਗੂ ਕੀਤਾ ਹੈ ਅਤੇ ਜਲਦ ਹੀ ਪਟਿਆਲਾ ਵਿੱਚ ਨਵਾਂ ਫਾਇਰ ਸਟੇਸ਼ਨ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਦੇ ਹਰ ਕੋਨੇ ਤੱਕ ਐਮਰਜੈਂਸੀ ਸੇਵਾ ਤੁਰੰਤ ਪਹੁੰਚੇਗੀ।
ਉਨ੍ਹਾਂ ਕਿਹਾ ਕਿ ਇਹ 5 ਨਵੀਆਂ ਗੱਡੀਆਂ ਕਿਸੇ ਵੀ ਅੱਗ ਜਾਂ ਐਮਰਜੈਂਸੀ ਸਥਿਤੀ ਦੌਰਾਨ ਜਾਨ ਤੇ ਮਾਲ ਦੀ ਰੱਖਿਆ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਣਗੀਆਂ। ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਹ ਕਦਮ ਉਸੇ ਦਿਸ਼ਾ ਵਿੱਚ ਇਕ ਢਿੱਡਾ ਪ੍ਰਯਾਸ ਹੈ।
ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਪਹਿਲਾਂ ਪਟਿਆਲਾ ਕੋਲ ਕੇਵਲ 5 ਫਾਇਰ ਬ੍ਰਿਗੇਡ ਗੱਡੀਆਂ ਸਨ, ਪਰ ਹੁਣ 5 ਹੋਰ ਨਵੀਆਂ ਗੱਡੀਆਂ ਦੇ ਸ਼ਾਮਲ ਹੋਣ ਨਾਲ ਇਹ ਗਿਣਤੀ 10 ਹੋ ਗਈ ਹੈ। ਇਸ ਨਾਲ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਘਟਨਾਵਾਂ ’ਤੇ ਤੇਜ਼ੀ ਨਾਲ ਕਾਬੂ ਪਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਸ਼ਹਿਰ ਨੂੰ ਸੁਰੱਖਿਅਤ ਬਣਾਉਣਾ ਅਤੇ ਕਿਸੇ ਵੀ ਨਾਗਰਿਕ ਨੂੰ ਨੁਕਸਾਨ ਤੋਂ ਬਚਾਉਣਾ ਹੈ।
ਮੇਅਰ ਨੇ ਇਹ ਵੀ ਕਿਹਾ ਕਿ ਨਗਰ ਨਿਗਮ ਦੀ ਡਿਊਟੀ ਹੈ ਕਿ ਲੋਕਾਂ ਦੇ ਪੈਸੇ ਨੂੰ ਸਿਰਫ਼ ਲੋਕਾਂ ਦੀ ਭਲਾਈ ਉੱਤੇ ਹੀ ਖਰਚਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਨਗਰ ਨਿਗਮ ਦੋਵੇਂ ਮਿਲ ਕੇ ਲੋਕਾਂ ਦੀ ਸੇਵਾ ਲਈ ਪ੍ਰਤਿਬੱਧ ਹਨ ਅਤੇ ਜਦੋਂ ਲੋਕ ਵੀ ਆਪਣਾ ਯੋਗਦਾਨ ਪਾਉਣਗੇ ਤਾਂ ਸ਼ਹਿਰ ਹੋਰ ਸੁਰੱਖਿਅਤ ਬਣੇਗਾ।
ਇਸ ਮੌਕੇ ਸਹਾਇਕ ਮੰਡਲ ਫਾਇਰ ਅਫਸਰ ਹਰਿੰਦਰ ਪਾਲ ਸਿੰਘ, ਫਾਇਰ ਸਟੇਸ਼ਨ ਅਫਸਰ ਰਾਜਿੰਦਰ ਕੌਸ਼ਲ, ਸਬ ਫਾਇਰ ਅਫਸਰ ਰਮਨ ਕੁਮਾਰ, ਮਨੋਜ ਕੁਮਾਰ, ਵਿਸ਼ਾਲ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।







