ਕਰਨਾਲ, 15 ਅਕਤੂਬਰ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਚੱਲ ਰਹੇ ਗੁੰਝਲਦਾਰ ਹਾਲਾਤਾਂ ਵਿਚ ਵੱਡਾ ਫੈਸਲਾ ਆਇਆ ਹੈ। ਜਥੇਦਾਰ ਜਗਦੀਸ਼ ਸਿੰਘ ਝੀਂਡਾ ਹੀ ਕਮੇਟੀ ਦੇ ਮੁਖੀ ਰਹਿਣਗੇ। ਇਹ ਫੈਸਲਾ ਅਕਾਲ ਪੰਥਕ ਮੋਰਚਾ ਅਤੇ ਝੀਂਡਾ ਸਮੂਹ ਦੀ ਸਾਂਝੀ 9 ਮੈਂਬਰੀ ਕਮੇਟੀ ਵੱਲੋਂ ਲੰਬੀ ਮੀਟਿੰਗ ਕਰਕੇ ਲਿਆ ਗਿਆ।
ਮੀਟਿੰਗ ਦੌਰਾਨ ਅਕਾਲ ਪੰਥਕ ਮੋਰਚਾ ਦੇ ਹਰਮਨਪ੍ਰੀਤ ਸਿੰਘ ਬੁੱਟਰ, ਮੋਹਨਜੀਤ ਸਿੰਘ ਪਾਣੀਪਤ, ਕਰਮਜੀਤ ਸਿੰਘ, ਇਕਬਾਲ ਸਿੰਘ, ਅਤੇ ਹੋਰ ਅਹਿਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਝੀਂਡਾ ਗਰੁੱਪ ਤੋਂ ਜਨਰਲ ਸਕੱਤਰ ਅੰਗਰੇਜ਼ ਸਿੰਘ, ਬਲਵਿੰਦਰ ਸਿੰਘ ਭਿੰਡਰ, ਕਰਨੈਲ ਸਿੰਘ ਨਿਮਾਨਾਬਾਦ, ਕੁਲਦੀਪ ਸਿੰਘ ਮੁਲਤਾਨੀ, ਮੇਜਰ ਸਿੰਘ ਗੁਹਲਾ, ਅਤੇ ਹੋਰ ਮੈਂਬਰ ਹਾਜ਼ਰ ਸਨ।
ਹਰਮਨਪ੍ਰੀਤ ਸਿੰਘ ਬੁੱਟਰ ਨੇ ਕਿਹਾ ਕਿ ਇਹ ਫੈਸਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਦੇ ਪ੍ਰੋਗਰਾਮਾਂ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕਮੇਟੀ ਦਾ ਬਜਟ ਜਲਦੀ ਪਾਸ ਕੀਤਾ ਜਾਵੇਗਾ ਅਤੇ ਹੋਰ ਪ੍ਰਸ਼ਾਸਕੀ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
ਜਨਰਲ ਸਕੱਤਰ ਅੰਗਰੇਜ਼ ਸਿੰਘ ਨੇ ਸਪੱਸ਼ਟ ਕੀਤਾ ਕਿ ਕਮੇਟੀ ਵਿੱਚ ਕੋਈ ਅੰਤਰ-ਵਿਰੋਧ ਨਹੀਂ ਹੈ ਅਤੇ ਸਾਰੇ ਮੈਂਬਰ ਇੱਕਜੁੱਟ ਹੋ ਕੇ ਸੰਗਠਨ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਜਾਵੇਗੀ ਜਿਸ ਵਿੱਚ ਮਹੱਤਵਪੂਰਨ ਫੈਸਲੇ ਲਏ ਜਾਣਗੇ।
ਮੋਹਨਜੀਤ ਸਿੰਘ ਨੇ ਕਿਹਾ ਕਿ ਪੰਥਕ ਭਾਈਚਾਰੇ ਦੀ ਏਕਤਾ ਅਤੇ ਹਰਿਆਣਾ ਦੀ ਸੰਗਤ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ।
ਭਾਈ ਦਲੀਪ ਸਿੰਘ ਬਿੱਕਰ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸ਼ਟ (ਰਜਿ.), ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਗੁਰੂ ਨਾਨਕ ਨਾਮ ਲੇਵਾ ਤੇ ਸਿੱਖ ਸੰਗਤਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਇਹੋ ਜਿਹਾ ਤਜ਼ਰਬੇਕਾਰ, ਪੰਥ ਹਿਤੈਸ਼ੀ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਾਲੇ ਵਿਦਵਾਨਾਂ ਦੀ ਸਿਰਫ ਹਰਿਆਣਾ ਨੂੰ ਹੀ ਨਹੀਂ, ਪੂਰੇ ਸਿੱਖ ਜਗਤ ਨੂੰ ਲੋੜ ਹੈ। ਅੱਜ ਪੂਰੇ ਵਿਸ਼ਵ ਵਿੱਚ ਉਹਨਾਂ ਲਈ ਸਾਰੀਆਂ ਸੰਗਤਾਂ ਖੁਸ਼ੀ ਮਨ੍ਹਾ ਰਹੀਆਂ ਹਨ। ਸਾਨੂੰ ਪੂਰੀ ਉਮੀਦ ਹੈ ਕਿ ਜਥੇਦਾਰ ਝੀਂਗਾ ਸਾਹਿਬ ਪੰਥ ਦੀ ਚੜ੍ਹਦੀਕਲਾ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ।








