ਸਿੱਖ ਸੰਗਤਾਂ ਦੇ ਸੁਪਨਿਆਂ ਨੂੰ ਪੂਰ ਚੜ੍ਹਾਇਆ ਵਿਧਾਇਕ ਅਜੀਤ ਸਿੰਘ ਕੋਹਲੀ ਨੇ, ਮੇਅਰ ਕੁੰਦਨ ਗੋਗੀਆਂ ਨੇ ਦਿੱਤਾ ਵਿਸ਼ੇਸ਼ ਸਹਿਯੋਗ
ਪਟਿਆਲਾ, 15 ਅਕਤੂਬਰ (ਛਤਰਪਾਲ ਸਿੰਘ): ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਗੁਰਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ ਨੇੜੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ‘ਖੰਡਾ ਚੌਂਕ’ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਨੂੰ ਸਿੱਖ ਸੰਗਤਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੇ ਮੱਦੇਨਜ਼ਰ ਪੂਰਾ ਕੀਤਾ ਗਿਆ ਹੈ। ਉਦਘਾਟਨ ਸਮਾਗਮ ਦੌਰਾਨ ਮੇਅਰ ਕੁੰਦਨ ਗੋਗੀਆ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਵਿਧਾਇਕ ਕੋਹਲੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਯਾਦ ਵਿੱਚ ਇਸ ਚੌਂਕ ਦੀ ਸਥਾਪਨਾ ਕਰਨਾ ਸਾਰੇ ਪਟਿਆਲਾਵਾਸੀਆਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਹ ਥਾਂ ਇੱਕ “ਬਲਾਈਂਡ ਮੋੜ” ਹੋਣ ਕਾਰਨ ਅਕਸਰ ਹਾਦਸਿਆਂ ਦਾ ਕੇਂਦਰ ਬਣੀ ਰਹਿੰਦੀ ਸੀ। ਇਸ ਲਈ ਸੰਗਤ ਵੱਲੋਂ ਕਾਫੀ ਸਮੇਂ ਤੋਂ ਇਥੇ ਖੰਡਾ ਨਿਸ਼ਾਨ ਸਥਾਪਿਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ, “ਗੁਰੂ ਸਾਹਿਬ ਦੇ ਨਾਮ ਨਾਲ ਜੁੜੇ ਕੰਮ ਕਰਨਾ ਭਾਗਾਂ ਵਾਲੀ ਗੱਲ ਹੈ। ਅਸੀਂ ਸਿਰਫ਼ ਇਕ ਜ਼ਰੀਆ ਹਾਂ, ਅਸਲ ਕੰਮ ਤਾਂ ਗੁਰੂ ਆਪ ਕਰਵਾਉਂਦੇ ਹਨ।” ਕੋਹਲੀ ਨੇ ਨਗਰ ਨਿਗਮ ਦਾ ਧੰਨਵਾਦ ਕੀਤਾ ਕਿ ਉਸ ਨੇ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਅਮਲ ਵਿਚ ਲਿਆ ਕੇ ਸੰਗਤ ਦੀ ਲੰਬੇ ਸਮੇਂ ਦੀ ਇੱਛਾ ਪੂਰੀ ਕੀਤੀ।
ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਇਸ ਚੌਂਕ ਦੇ ਨਿਰਮਾਣ ‘ਤੇ ਲਗਭਗ 10 ਲੱਖ ਰੁਪਏ ਦਾ ਖਰਚਾ ਆਇਆ ਹੈ ਅਤੇ ਇਸ ਵਿੱਚ ਉੱਚ ਮਿਆਰੀ ਸਟੀਲ ਮੈਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਨਾਲ ਜੁੜੇ ਪ੍ਰਾਜੈਕਟਾਂ ਨੂੰ ਨਗਰ ਨਿਗਮ ਅਗਾਮੀ ਦਿਨਾਂ ਵਿੱਚ ਪਹਿਲ ਦੇ ਅਧਾਰ ‘ਤੇ ਲਾਗੂ ਕਰੇਗਾ, ਤਾਂ ਜੋ ਸ਼ਹਿਰ ਦੀ ਸੁੰਦਰਤਾ ਤੇ ਸੱਭਿਆਚਾਰਕ ਪਛਾਣ ਹੋਰ ਨਿਖਰੇ।
ਉਦਘਾਟਨ ਸਮਾਗਮ ਦੌਰਾਨ ਯੰਗ ਖਾਲਸਾ ਫਾਊਂਡੇਸ਼ਨ, ਗੁਰੂ ਤੇਗ ਬਹਾਦੁਰ ਸੇਵਕ ਜਥਾ, ਬਾਬਾ ਦੀਪ ਸਿੰਘ ਸੇਵਾ ਸੋਸਾਇਟੀ, ਖਾਲਸਾ ਅਕਾਲ ਪੁਰਖ ਦੀ ਫੌਜ, ਗੁਰੂ ਰਾਮ ਦਾਸ ਸੇਵਾ ਸੋਸਾਇਟੀ, ਗੁਰੂ ਅਰਜਨ ਕੀਰਤਨ ਮੰਡਲ ਸਮੇਤ ਕਈ ਸੇਵਾਦਾਰ ਤੇ ਇਲਾਕਾ ਨਿਵਾਸੀ ਮੌਜੂਦ ਸਨ।
