ਹਰਿਆਣਾ, 13 ਅਕਤੂਬਰ: ਹਰਿਆਣਾ ਦੇ ਏ.ਡੀ.ਜੀ.ਪੀ. (ਆਈ.ਪੀ.ਐਸ.) ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਨੇ ਰਾਜਨੀਤਿਕ ਤਾਪਮਾਨ ਵਧਾ ਦਿੱਤਾ ਹੈ। ਪਿਛਲੇ ਮੰਗਲਵਾਰ ਪੂਰਨ ਕੁਮਾਰ ਨੇ ਆਪਣੇ ਘਰ ਵਿੱਚ ਗੋਲੀ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਸੀ। ਇਸ ਘਟਨਾ ਤੋਂ ਬਾਅਦ ਹੁਣ ਵੱਡੇ ਨੇਤਾ ਪਰਿਵਾਰ ਨਾਲ ਸੰਵੇਦਨਾ ਜਤਾਉਣ ਪਹੁੰਚ ਰਹੇ ਹਨ।
ਅੱਜ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਪੂਰਨ ਕੁਮਾਰ ਦੇ ਪਰਿਵਾਰ ਨਾਲ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਅਤੇ ਦੁਖੀ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ। ਇਸ ਤੋਂ ਪਹਿਲਾਂ ਸਵੇਰੇ ਰਾਹੁਲ ਗਾਂਧੀ ਵੀ ਪੂਰਨ ਕੁਮਾਰ ਦੇ ਘਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਕਰੀਬ 50 ਮਿੰਟ ਤੱਕ ਗੱਲਬਾਤ ਕੀਤੀ।
ਰਾਹੁਲ ਗਾਂਧੀ ਦੇ ਨਾਲ ਇਸ ਮੌਕੇ ਭੁਪਿੰਦਰ ਸਿੰਘ ਹੁੱਡਾ ਅਤੇ ਰਾਓ ਨਰਿੰਦਰ ਸਿੰਘ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਪੂਰਨ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੋਸ਼ੀ ਅਧਿਕਾਰੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ “ਇਹ ਸਿਰਫ਼ ਪਰਿਵਾਰਕ ਮਾਮਲਾ ਨਹੀਂ, ਸਗੋਂ ਇੱਕ ਗੰਭੀਰ ਸਮਾਜਿਕ ਨਿਆਂ ਦਾ ਮੁੱਦਾ ਹੈ। ਦਲਿਤ ਅਧਿਕਾਰੀਆਂ ਨਾਲ ਹੋ ਰਹੀ ਤੰਗਪ੍ਰੇਸ਼ਾਨੀ ਕਬੂਲਯੋਗ ਨਹੀਂ।”
ਦੂਜੇ ਪਾਸੇ, ਚਿਰਾਗ ਪਾਸਵਾਨ ਨੇ ਵੀ ਪਰਿਵਾਰ ਨਾਲ ਗਹਿਰੀ ਸੰਵੇਦਨਾ ਜਤਾਈ ਅਤੇ ਕਿਹਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਪੂਰੀ ਨਿਰਪੱਖਤਾ ਨਾਲ ਜਾਂਚ ਨੂੰ ਅੱਗੇ ਵਧਾਏਗੀ।
ਇਸ ਘਟਨਾ ਤੋਂ ਬਾਅਦ ਹਰਿਆਣਾ ਦੀ ਰਾਜਨੀਤੀ ਵਿੱਚ ਚਰਚਾ ਤੇਜ਼ ਹੋ ਗਈ ਹੈ ਅਤੇ ਵਿਰੋਧੀ ਧਿਰ ਵੱਲੋਂ ਸਰਕਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਜਾਰੀ ਹੈ।
