ਐਂਟਾਨਾਨਾਰੀਵ (ਮੈਡਾਗਾਸਕਰ): ਅਫ਼ਰੀਕੀ ਦੇਸ਼ ਮੈਡਾਗਾਸਕਰ ਵਿੱਚ ਜੈਨ-ਜ਼ੀ ਪ੍ਰਦਰਸ਼ਨਾਂ ਨੇ ਵੱਡਾ ਰਾਜਨੀਤਿਕ ਭੂਚਾਲ ਪੈਦਾ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਚੱਲ ਰਹੇ ਆਰਥਿਕ ਸੰਕਟ, ਪਾਣੀ ਅਤੇ ਬਿਜਲੀ ਦੀ ਕਮੀ, ਅਤੇ ਭ੍ਰਿਸ਼ਟਾਚਾਰ ਵਿਰੁੱਧ ਉਠੀ ਜਨਤਾ ਦੀ ਆਵਾਜ਼ ਆਖ਼ਿਰਕਾਰ ਰਾਸ਼ਟਰਪਤੀ ਐਂਡ੍ਰੀ ਰਾਜੋਏਲਿਨਾ ਦੀ ਸਰਕਾਰ ਦੇ ਤਖ਼ਤਾ ਪਲਟ ਨਾਲ ਖਤਮ ਹੋਈ।
ਵਿਰੋਧੀ ਧਿਰ ਦੇ ਆਗੂ ਸਿਟੇਨੀ ਰੰਦ੍ਰਿਯਾਨਾ ਸੋਲੋਨਿਕਾ ਨੇ ਦਾਅਵਾ ਕੀਤਾ ਕਿ ਫੌਜ ਵੱਲੋਂ ਪ੍ਰਦਰਸ਼ਨਕਾਰੀਆਂ ਦਾ ਸਾਥ ਦੇਣ ਤੋਂ ਬਾਅਦ, ਰਾਸ਼ਟਰਪਤੀ ਦੇਸ਼ ਛੱਡ ਕੇ ਭੱਜ ਗਏ ਹਨ। ਕੁਝ ਰਿਪੋਰਟਾਂ ਮੁਤਾਬਕ, ਉਹ ਫਰਾਂਸ ਵਿੱਚ ਸ਼ਰਣ ਲੈ ਚੁੱਕੇ ਹਨ, ਹਾਲਾਂਕਿ ਅਧਿਕਾਰਕ ਪੁਸ਼ਟੀ ਅਜੇ ਨਹੀਂ ਹੋਈ।
ਪ੍ਰਦਰਸ਼ਨਾਂ ਦੀ ਸ਼ੁਰੂਆਤ 25 ਸਤੰਬਰ ਨੂੰ ਪਾਣੀ ਅਤੇ ਬਿਜਲੀ ਦੀ ਕਮੀ ਖ਼ਿਲਾਫ਼ ਹੋਈ ਸੀ, ਪਰ ਜਲਦੀ ਹੀ ਇਹ ਆਰਥਿਕ ਅਸਮਾਨਤਾ, ਗਰੀਬੀ, ਅਤੇ ਸੰਸਥਾਗਤ ਸੁਧਾਰਾਂ ਦੀਆਂ ਮੰਗਾਂ ਵਿੱਚ ਤਬਦੀਲ ਹੋ ਗਈ। ਕਈ ਸਥਾਨਾਂ ‘ਤੇ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਏ, ਜਿਸ ਨਾਲ ਸੁਰੱਖਿਆ ਬਲਾਂ ਨਾਲ ਝੜਪਾਂ ਹੋਈਆਂ।
ਮੈਡਾਗਾਸਕਰ ਵਿੱਚ ਇਹ ਚੌਥਾ ਤਖ਼ਤਾ ਪਲਟ ਹੈ। ਦੇਸ਼ ਨੂੰ 1960 ਵਿੱਚ ਫਰਾਂਸ ਤੋਂ ਆਜ਼ਾਦੀ ਮਿਲੀ ਸੀ, ਪਰ ਉਸ ਤੋਂ ਬਾਅਦ ਲੋਕਤੰਤਰਕ ਸੰਸਥਾਵਾਂ ਕਦੇ ਮਜ਼ਬੂਤ ਨਹੀਂ ਹੋ ਸਕੀਆਂ। ਫੌਜ ਅਤੇ ਸਿਆਸੀ ਨੇਤਾਵਾਂ ਵਿਚਾਲੇ ਹਮੇਸ਼ਾ ਸੱਤਾ ਦੀ ਖਿੱਚਤਾਣ ਰਹੀ ਹੈ।
ਵਿਸ਼ਵ ਬੈਂਕ ਦੇ ਅਨੁਸਾਰ, ਮੈਡਾਗਾਸਕਰ ਦੀ ਲਗਭਗ ਤਿੰਨ-ਚੌਥਾਈ ਆਬਾਦੀ ਅਜੇ ਵੀ ਗਰੀਬੀ ਵਿੱਚ ਜੀ ਰਹੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ‘ਚ ਨਾਰਾਜ਼ਗੀ ਤੇਜ਼ੀ ਨਾਲ ਵੱਧ ਰਹੀ ਹੈ।
ਜੈਨ-ਜ਼ੀ ਪ੍ਰਦਰਸ਼ਨਾਂ ਤੋਂ ਪਹਿਲਾਂ ਬੰਗਲਾਦੇਸ਼ (2024) ਅਤੇ ਨੇਪਾਲ (2025) ਵਿੱਚ ਵੀ ਸਰਕਾਰਾਂ ਨੂੰ ਨੌਜਵਾਨਾਂ ਦੇ ਦਬਾਅ ਕਾਰਨ ਹਟਣਾ ਪਿਆ ਸੀ। ਮੈਡਾਗਾਸਕਰ ਇਸ ਕੜੀ ਦਾ ਤੀਜਾ ਦੇਸ਼ ਬਣ ਗਿਆ ਹੈ ਜਿੱਥੇ ਜੈਨ-ਜ਼ੀ ਆੰਦੋਲਨ ਨੇ ਸੱਤਾ ਬਦਲ ਦਿੱਤੀ।
