ਚੰਡੀਗੜ੍ਹ: ਪੰਜਾਬ ਵਿੱਚ ਹਵਾ ਦੇ ਰੁਖ ਬਦਲਣ ਨਾਲ ਹੁਣ ਸਰਦੀ ਦੀ ਆਹਟ ਸਾਫ਼ ਮਹਿਸੂਸ ਹੋਣ ਲੱਗੀ ਹੈ। ਸਵੇਰੇ ਤੇ ਸ਼ਾਮ ਨੂੰ ਚੁਭਣ ਵਾਲੀ ਠੰਢ ਕਾਰਨ ਲੋਕਾਂ ਨੇ ਜੈਕਟਾਂ ਅਤੇ ਸ਼ਾਲਾਂ ਕੱਢ ਲਿਆਂ ਹਨ। ਦਿਨ ਦੇ ਸਮੇਂ ਹਾਲਾਂਕਿ ਮੌਸਮ ਹਾਲੇ ਵੀ ਸੁਹਾਵਣਾ ਹੈ, ਪਰ ਪਿਛਲੇ 24 ਘੰਟਿਆਂ ਵਿੱਚ ਤਾਪਮਾਨ 0.7 ਡਿਗਰੀ ਘੱਟਿਆ ਹੈ — ਜੋ ਆਮ ਤਾਪਮਾਨ ਤੋਂ 1.9 ਡਿਗਰੀ ਘੱਟ ਦਰਜ ਹੋਇਆ।
ਮੌਸਮ ਵਿਭਾਗ ਮੁਤਾਬਕ, ਇਸ ਸਾਲ ਪੰਜਾਬ ਵਿੱਚ ਕੜਾਕੇ ਦੀ ਸਰਦੀ ਪੈਣ ਦੀ ਪੂਰੀ ਸੰਭਾਵਨਾ ਹੈ। ਉੱਤਰੀ ਭਾਰਤ ਵਿੱਚ ਇਸ ਦਾ ਅਸਰ ਧੂੰਦ ਦੇ ਰੂਪ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ।
ਪਿਛਲੇ 24 ਘੰਟਿਆਂ ਵਿੱਚ ਰਾਜ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ 30.9, ਲੁਧਿਆਣਾ 31.1, ਪਟਿਆਲਾ 32.6, ਪਠਾਨਕੋਟ 30.9, ਗੁਰਦਾਸਪੁਰ 30.5, ਐਸਬੀਐਸ ਨਗਰ 29.6 ਅਤੇ ਫਾਜ਼ਿਲਕਾ 32.2 ਡਿਗਰੀ ਰਿਹਾ।
ਅਗਲੇ 15 ਦਿਨਾਂ ਦਾ ਅਨੁਮਾਨ
ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ ਹਫ਼ਤੇ ਪੰਜਾਬ ਵਿੱਚ ਬਰਸਾਤ ਦੀ ਸੰਭਾਵਨਾ ਨਹੀਂ ਹੈ। ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 28–30 ਡਿਗਰੀ ਸੈਲਸੀਅਸ ਅਤੇ ਬਾਕੀ ਰਾਜ ਵਿੱਚ 30–32 ਡਿਗਰੀ ਰਹੇਗਾ।
ਘੱਟ ਤਾਪਮਾਨ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਰੂਪਨਗਰ ਵਿੱਚ 12–14 ਡਿਗਰੀ ਤੱਕ ਅਤੇ ਹੋਰ ਇਲਾਕਿਆਂ ਵਿੱਚ 14–16 ਡਿਗਰੀ ਤੱਕ ਰਹਿ ਸਕਦਾ ਹੈ।
17 ਤੋਂ 23 ਅਕਤੂਬਰ ਤੱਕ ਦੱਖਣ-ਪੱਛਮੀ ਪੰਜਾਬ ਵਿੱਚ ਤਾਪਮਾਨ 32–34 ਡਿਗਰੀ, ਕੇਂਦਰੀ ਇਲਾਕਿਆਂ ਵਿੱਚ 30–32 ਡਿਗਰੀ ਤੇ ਉੱਤਰੀ-ਪੂਰਬੀ ਹਿੱਸਿਆਂ ਵਿੱਚ 28–30 ਡਿਗਰੀ ਰਹਿਣ ਦੀ ਸੰਭਾਵਨਾ ਹੈ। ਪੂਰੇ ਰਾਜ ਵਿੱਚ ਮੌਸਮ ਸੁੱਕਾ ਅਤੇ ਠੰਢਾ ਰਹੇਗਾ।
ਮੁੱਖ ਸ਼ਹਿਰਾਂ ਦਾ ਮੌਸਮ
- ਅੰਮ੍ਰਿਤਸਰ: ਆਸਮਾਨ ਸਾਫ਼, ਧੁੱਪ ਖਿਲੀ ਰਹੇਗੀ। ਤਾਪਮਾਨ 18–30 ਡਿਗਰੀ।
- ਜਲੰਧਰ: ਸਾਫ਼ ਮੌਸਮ, ਹਲਕੀ ਠੰਢ ਦਾ ਅਹਿਸਾਸ। ਤਾਪਮਾਨ 18–30 ਡਿਗਰੀ।
- ਲੁਧਿਆਣਾ: ਧੁੱਪਦਾਰ ਦਿਨ, ਸਵੇਰੇ ਹਲਕੀ ਠੰਢ। ਤਾਪਮਾਨ 18–30 ਡਿਗਰੀ।
- ਪਟਿਆਲਾ: ਆਸਮਾਨ ਸਾਫ਼, ਤਾਪਮਾਨ 18–31 ਡਿਗਰੀ।
- ਮੋਹਾਲੀ: ਧੁੱਪ ਖਿਲੇਗੀ, ਤਾਪਮਾਨ 19–31 ਡਿਗਰੀ।








