ਸਿੰਗਲ ਵਿੰਡੋ ਪ੍ਰਣਾਲੀ ਨਾਲ ਨਿਵੇਸ਼ ਅਸਾਨ
ਚੰਡੀਗੜ੍ਹ, 13 ਅਕਤੂਬਰ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖਾਦ ਉਦਯੋਗ ਨੂੰ ਵਿਸ਼ਵ ਪੱਧਰ ‘ਤੇ ਲਿਜਾਣ ਵਾਸਤੇ ਇਕ ਵੱਡਾ ਕਦਮ ਚੁੱਕਿਆ ਗਿਆ ਹੈ। ਉਦਯੋਗ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਐਲਾਨ ਕੀਤਾ ਹੈ ਕਿ ਆਉਂਦੇ ਨਵੰਬਰ ਮਹੀਨੇ ‘ਚ ਪੰਜਾਬ ਅੰਤਰਰਾਸ਼ਟਰੀ ਫੂਡ ਫੈਸਟੀਵਲ ਦੀ ਮੇਜ਼ਬਾਨੀ ਕਰੇਗਾ। ਇਸ ਵਿਚ ਦੁਨੀਆ ਭਰ ਦੀਆਂ ਪ੍ਰਮੁੱਖ ਫੂਡ ਅਤੇ ਐਗਰੋ ਕੰਪਨੀਆਂ ਨੂੰ ਸੱਦਾ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਦੀ ਉਪਜਾਊ ਧਰਤੀ ਅਤੇ ਸਨਅਤੀ ਮੌਕਿਆਂ ਨਾਲ ਜਾਣ-ਪਛਾਣ ਹੋ ਸਕੇ।
ਨੋਇਡਾ ਵਿਖੇ ਆਯੋਜਿਤ ਇੰਡਸਫੂਡ 2025, ਭਾਰਤ ਦਾ ਸਭ ਤੋਂ ਵੱਡਾ ਫੂਡ ਟਰੇਡ ਸ਼ੋਅ ਦੌਰਾਨ ਤਰੁਣਪ੍ਰੀਤ ਸਿੰਘ ਸੌਂਧ ਨੇ ਦੇਸ਼-ਵਿਦੇਸ਼ ਦੀਆਂ 105 ਤੋਂ ਵੱਧ ਰਾਸ਼ਟਰਾਂ ਦੀਆਂ ਕੰਪਨੀਆਂ ਦੇ ਸੀ.ਈ.ਓਜ਼ ਨੂੰ ਸੰਬੋਧਨ ਕਰਦਿਆਂ ਇਹ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ “ਪੰਜਾਬ ਗੁਰੂਆਂ ਤੇ ਸੰਤਾਂ ਦੀ ਧਰਤੀ ਹੈ, ਜਿੱਥੇ ਸ਼ਾਂਤੀ, ਭਾਈਚਾਰਕ ਸਾਂਝ ਤੇ ਖੁਸ਼ਹਾਲੀ ਦਾ ਮਾਹੌਲ ਹੈ। ਇਹ ਮਾਹੌਲ ਵਪਾਰ ਤੇ ਉਦਯੋਗਾਂ ਲਈ ਬੇਹੱਦ ਸਾਜ਼ਗਾਰ ਹੈ।”
ਗਲੋਬਲ ਉਦਯੋਗਪਤੀਆਂ ਨੂੰ ਸੱਦਾ
ਸੌਂਧ ਨੇ ਇੰਡਸਫੂਡ ‘ਚ ਸ਼ਾਮਲ 3500 ਪ੍ਰਦਰਸ਼ਕਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬਾ ਖਾਦ ਪ੍ਰੋਸੈਸਿੰਗ ਖੇਤਰ ਵਿੱਚ ਤੇਜ਼ੀ ਨਾਲ ਉਭਰ ਰਿਹਾ ਹੈ।
ਉਨ੍ਹਾਂ ਦੌਰਾਨ ਨਾਮੀ ਕੰਪਨੀਆਂ ਦੇ ਪ੍ਰਤਿਨਿਧੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਪੰਜਾਬ ਦੀਆਂ ਨਿਵੇਸ਼-ਪੱਖੀ ਨੀਤੀਆਂ ਤੇ ਚਰਚਾ ਹੋਈ।
ਉਦਯੋਗ ਮੰਤਰੀ ਨੇ ਦੱਸਿਆ ਕਿ ਨਿਵੇਸ਼ਕਾਂ ਦੀ ਸਹੂਲਤ ਲਈ “ਇੰਨਵੈਸਟ ਪੰਜਾਬ” ਪ੍ਰਣਾਲੀ ਅਤੇ ਸਿੰਗਲ ਵਿੰਡੋ ਸੇਵਾ ਦੁਆਰਾ ਤੇਜ਼ ਤਰਾਰ ਕਾਰਵਾਈ ਯਕੀਨੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ “ਮੁੱਖ ਮੰਤਰੀ ਭਗਵੰਤ ਮਾਨ ਦਾ ਟੀਚਾ ਹੈ ਕਿ ਪੰਜਾਬ ਦਾ ਫੂਡ ਸੈਕਟਰ ਗਲੋਬਲ ਪੱਧਰ ‘ਤੇ ਆਪਣਾ ਮਕਾਮ ਬਣਾਵੇ ਅਤੇ ਸਰਕਾਰ ਇਸ ਦਿਸ਼ਾ ‘ਚ ਨਿਰੰਤਰ ਯਤਨਸ਼ੀਲ ਹੈ।”







