ਗੁਹਾਟੀ : ਮਸ਼ਹੂਰ ਅਸਮੀ ਗਾਇਕ ਜ਼ੁਬੀਨ ਗਰਗ ਦੀ ਮੌਤ ਨੂੰ 22 ਦਿਨ ਬੀਤ ਚੁੱਕੇ ਹਨ, ਪਰ ਮਾਮਲੇ ਦੀ ਜਾਂਚ ਅਜੇ ਵੀ ਅਧੂਰੀ ਹੈ। ਇਸ ਦੌਰਾਨ, ਉਨ੍ਹਾਂ ਦੀ ਪਤਨੀ ਗਰਿਮਾ ਗਰਗ ਨੇ ਜਨਤਾ ਨੂੰ ਇਨਸਾਫ਼ ਦੀ ਲੜਾਈ ਜਾਰੀ ਰੱਖਣ ਲਈ ਖੁੱਲ੍ਹੀ ਅਪੀਲ ਕੀਤੀ ਹੈ।
ਬੀਤੇ ਦਿਨੀਂ ਗੁਹਾਟੀ ਦੇ ਬਾਹਰਲੇ ਇਲਾਕੇ ਕਮਰਕੁਚੀ ਸਥਿਤ ਅੰਤਿਮ ਸੰਸਕਾਰ ਸਥਾਨ ’ਤੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਮੋਮਬੱਤੀਆਂ ਜਲਾ ਕੇ ਜ਼ੁਬੀਨ ਦੀ ਯਾਦ ਵਿੱਚ ਸ਼ਰਧਾਂਜਲੀ ਦਿੱਤੀ। ਇਸ ਦੌਰਾਨ, ਗਰਿਮਾ ਗਰਗ ਭਾਵੁਕ ਹੋ ਗਈ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ —
“ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ #JusticeForZubeen ਮੁਹਿੰਮ ਨੂੰ ਜਾਰੀ ਰੱਖੋ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਸ ਰਾਤ ਅਸਲ ਵਿੱਚ ਹੋਇਆ ਕੀ ਸੀ? 22 ਦਿਨ ਹੋ ਗਏ ਹਨ, ਪਰ ਸੱਚ ਅਜੇ ਵੀ ਓਹਲੇ ਹੈ।”
ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਅਜੇ ਤੱਕ ਪੁਲਿਸ ਜਾਂਚ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਗਰਿਮਾ ਨੇ ਕਿਹਾ ਕਿ ਉਹ ਆਪਣੇ ਪਤੀ ਲਈ ਸਿਰਫ਼ ਇਨਸਾਫ਼ ਨਹੀਂ, ਸੱਚਾਈ ਦੀ ਖੋਜ ਕਰ ਰਹੀ ਹੈ। ਸਥਾਨਕ ਪੁਲਿਸ ਅਨੁਸਾਰ, ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫੋਰੈਂਸਿਕ ਟੀਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।







