ਵਸਨੀਕਾਂ ਦੀ ਸਹੂਲਤ ਅਤੇ ਜ਼ੀਰੋ ਬਿੱਲ ਆਉਣ ਲਈ ਮਾਨ ਸਰਕਾਰ ਵਚਨਬੱਧ — ਹਰਭਜਨ ਸਿੰਘ ETO
ਅੰਮ੍ਰਿਤਸਰ, 9 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡਾ ਪੰਜਾਬ ਰੋਸ਼ਨ ਪੰਜਾਬ ਮੁਹਿੰਮ ਸੰਬੰਧੀ ਨਿਰਵਿਘਨ ਬਿਜਲੀ ਮੁਹਈਆ ਕਰਵਾਉਣ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਤੇ ਕਈ ਪ੍ਰੋਜੈਕਟਾਂ ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਜੰਡਿਆਲਾ ਗੁਰੂ ਵਿੱਚ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਹਲਕੇ ਦੇ ਵਸਨੀਕਾਂ ਨੂੰ ਬਿਹਤਰ ਬਿਜਲੀ ਦੀ ਸਪਲਾਈ ਦੇਣ ਹਿੱਤ ਨਵੇਂ ਫੀਡਰ ਦਾ ਉਦਘਾਟਨ ਕੀਤਾ।
ਹਰਭਜਨ ਸਿੰਘ ਈ.ਟੀ.ਓ. ਨੇ ਦਸਿਆ ਕਿ ਇਸ ਨਵੇਂ ਬਣੇ 11 ਕੇ.ਵੀ ਫੀਡਰ ਦਾ ਨਾਂ ਸ਼ਹੀਦ ਉਧਮ ਸਿੰਘ ਫੀਡਰ (ਕੈਟਾਗਰੀ-1) ਰੱਖਿਆ ਗਿਆ ਹੈ ਅਤੇ ਇਹ ਫੀਡਰ ਇਹ ਜੰਡਿਆਲਾ ਗੁਰੂ ਹਲਕੇ ਅਧੀਨ ਸ਼ਹਿਰ ਜੰਡਿਆਲਾ ਗੁਰੂ ਨੂੰ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਉਸਾਰਿਆ ਗਿਆ ਹੈ।
ਕੈਬਨਿਟ ਮੰਤਰੀ ਨੇ ਦਸਿਆ ਕਿ ਪਹਿਲਾ ਜੰਡਿਆਲਾ ਗੁਰੂ ਸ਼ਹਿਰ ਵਿਖੇ ਸਿਟੀ-1, ਸਿਟੀ-2, ਸਿਟੀ-3 ਅਤੇ ਐਮ.ਈ ਐਸ ਫੀਡਰਾਂ ਰਾਹੀਂ ਬਿਜਲੀ ਸਪਲਾਈ ਦਿਤੀ ਜਾਂਦੀ ਹੈ ਅਤੇ ਇਨ੍ਹਾਂ ਵਿਚੋਂ 11 ਕੇ.ਵੀ ਫੀਡਰ ਸਿਟੀ-1 ਉਪਰ 5.56 ਐਮ.ਵੀ.ਏ. ਲੋਡ ਅਤੇ ਸਿਟੀ-2 ਉਪਰ 7.02 ਐਮ.ਵੀ.ਏ. ਲੋਡ (ਕੁੱਲ ਲੋਡ 12.58 ਐਮ.ਵੀ.ਏ) ਚੱਲਣ ਕਾਰਨ ਉਵਰਲੋਡ ਹੋ ਰਿਹਾ ਸੀ।
ਹੁਣ ਨਵੇ 11 ਕੇ.ਵੀ. ਫੀਡਰ ਸ਼ਹੀਦ ਊਧਮ ਸਿੰਘ (ਕੈਟਾਗਰੀ-1) ਉਪਰ 3.08 ਐਮ ਵੀ ਏ ਲੋਡ ਪਾਉਣ ਨਾਲ ਇਹ ਦੋਨੋਂ ਫੀਡਰ ਅੰਡਰਲੋਡ ਹੋਣ ਜਾਣਗੇ ਅਤੇ ਇਸ ਨਵੇਂ ਉਸਾਰੇ ਗਏ ਫੀਡਰ ਨਾਲ ਜੰਡਿਆਲਾ ਗੁਰੂ ਸ਼ਹਿਰ ਵਾਸੀਆ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।
ਉਨ੍ਹਾਂ ਦਸਿਆ ਕਿ ਇਸ ਦੇ ਨਾਲ ਨਾਲ ਅਸੀਂ ਕਿਸਾਨਾਂ ਨੂੰ ਵੀ ਲਗਾਤਾਰ ਬਿਜਲੀ ਸਪਲਾਈ ਮੁਹਈਆ ਕਰਵਾ ਰਹੇ ਹਾਂ। ਜੰਡਿਆਲਾ ਸ਼ਹਿਰ ਵਿਚ ਕਰੀਬ 94 ਫ਼ੀ ਸਦੀ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਬਿਜਲੀ ਵਿਭਾਗ ਵਲੋਂ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਸਰਬਜੀਤ ਸਿੰਘ ਡਿੰਪੀ, ਸਨੈਨਾ ਰੰਧਾਵਾ ਤੋਂ ਇਲਾਵਾ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
