ਫਰੂਖਾਬਾਦ, 9 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਬੀਤੇ ਦਿਨੀ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਵਿੱਚ ਇੱਕ ਪ੍ਰਾਈਵੇਟ ਜੈੱਟ ਐਮਰਜੈਂਸੀ ਲੈਂਡਿੰਗ ਕਰਨ ਸਮੇਂ ਵੱਡਾ ਹਵਾਈ ਹਾਦਸਾ ਹੋਣੋ ਹੋਣੋ ਬਚ ਗਿਆ।
ਮਿਲੀ ਖਬਰ ਅਨੁਸਾਰ ਮੁਹੰਮਦਾਬਾਦ ਸਥਿਤ ਸਰਕਾਰੀ ਹਵਾਈ ਪੱਟੀ ‘ਤੇ, ਉਦਯੋਗਪਤੀਆਂ ਨੂੰ ਲੈ ਕੇ ਭੋਪਾਲ ਜਾ ਰਿਹਾ ਇੱਕ ਪ੍ਰਾਈਵੇਟ ਜੈੱਟ ਐਮਰਜੈਂਸੀ ਲੈਂਡਿੰਗ ਦੌਰਾਨ ਰਨਵੇਅ ਤੋਂ ਨੀਚੇ ਉੱਤਰ ਕੇ ਝਾੜੀਆਂ ਵਿੱਚ ਜਾ ਵੜਿਆ। ਇਸ ਘਟਨਾ ਵਿੱਚ ਜਹਾਜ਼ ਵਿੱਚ ਸਵਾਰ ਕੰਪਨੀ ਦੇ ਤਿੰਨ ਸੀਨੀਅਰ ਅਧਿਕਾਰੀਆਂ ਅਤੇ ਦੋ ਪਾਇਲਟਾਂ ਵਾਲ—ਵਾਲ ਬਚੇ। ਉਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਸੂਤਰਾਂ ਦਾ ਕਹਿਣਾ ਹੈ ਕਿ ਜੈੱਟ ਸਰਵਿਸ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਇਹ ਪ੍ਰਾਈਵੇਟ ਜਹਾਜ਼ ਖਿਮਸੇਪੁਰ ਉਦਯੋਗਿਕ ਖੇਤਰ ਵਿੱਚ ਬਣ ਰਹੀ ਇੱਕ ਬੀਅਰ ਫੈਕਟਰੀ ਦੇ ਅਧਿਕਾਰੀਆਂ ਨੂੰ ਲੈ ਕੇ ਵਾਪਸ ਭੋਪਾਲ ਲਈ ਜਾ ਰਿਹਾ ਸੀ। ਲੈਂਡਿੰਗ ਦੌਰਾਨ ਜਹਾਜ਼ ਰਨਵੇਅ ‘ਤੇ ਕਰੀਬ 400 ਮੀਟਰ ਤੱਕ ਦੌੜਿਆ, ਪਰ ਫਿਰ ਅਚਾਨਕ ਬੇਕਾਬੂ ਹੋ ਕੇ ਨੇੜੇ ਦੀਆਂ ਝਾੜੀਆਂ ਵਿੱਚ ਜਾ ਵੜਿਆ।
ਘਟਨਾ ਦੇ ਕਈ ਕਾਰਨ ਦੱਸੇ ਜਾ ਰਹੇ ਹਨ ਤੇ ਪਾਇਲਟ ਦਾ ਵੀ ਕਸੂਰ ਕੱਢਿਆ ਜਾ ਰਿਹਾ ਹੈ। ਹਾਦਸੇ ਦਾ ਸ਼ੁਰੂਆਤੀ ਕਾਰਨ ਜਹਾਜ਼ ਦੇ ਅਗਲੇ ਪਹੀਏ ਵਿੱਚ ਹਵਾ ਦਾ ਘੱਟ ਹੋਣਾ ਦੱਸਿਆ ਜਾ ਰਿਹਾ ਹੈ। ਕੰਪਨੀ ਦੇ ਉੱਤਰ ਪ੍ਰਦੇਸ਼ ਪ੍ਰੋਜੈਕਟ ਹੈੱਡ ਮਨੀਸ਼ ਕੁਮਾਰ ਪਾਂਡੇ ਨੇ ਦੋਸ਼ ਲਾਇਆ ਹੈ ਕਿ ਪਾਇਲਟ ਨੂੰ ਪਹੀਏ ਵਿੱਚ ਹਵਾ ਘੱਟ ਹੋਣ ਦੀ ਜਾਣਕਾਰੀ ਪਹਿਲਾਂ ਤੋਂ ਸੀ, ਇਸਦੇ ਬਾਵਜੂਦ ਉਨ੍ਹਾਂ ਨੇ ਉਡਾਣ ਭਰਨ ਦਾ ਜੋਖਮ ਉਠਾਇਆ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਲਈ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਜਿੰਮੇਵਾਰ ਹੈ। ਹਵਾਈ ਪੱਟੀ ‘ਤੇ ਸੁਰੱਖਿਆ ਅਤੇ ਪ੍ਰਸ਼ਾਸਨਿਕ ਪ੍ਰੋਟੋਕੋਲ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਤਾਂ ਜਹਾਜ਼ ਦੀ ਲੈਂਡਿੰਗ ਦੀ ਖਬਰ ਸੀ ਤੇ ਨਾ ਹੀ ਅਤੇ ਨਾ ਹੀ ਟ੍ਰੇਜ਼ਰੀ ਫੀਸ ਜਮ੍ਹਾਂ ਕਰਵਾਈ ਗਈ ਸੀ। ਲੈਂਡਿੰਗ ਅਤੇ ਟੇਕਆਫ ਦੀ ਜਾਣਕਾਰੀ ਸਿਰਫ਼ ਅੱਧਾ ਘੰਟਾ ਪਹਿਲਾਂ ਦਿੱਤੀ ਗਈ, ਜਿਸ ਨਾਲ ਐਮਰਜੈਂਸੀ ਤਿਆਰੀਆਂ ਲਈ ਢੁੱਕਵਾਂ ਸਮਾਂ ਨਹੀਂ ਮਿਲਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਡੀ.ਐੱਮ. ਸਦਰ ਰਜਨੀਕਾਂਤ, ਡੀ.ਐੱਸ.ਪੀ. ਅਜੇ ਵਰਮਾ ਅਤੇ ਕੋਤਵਾਲੀ ਇੰਚਾਰਜ ਵਿਨੋਦ ਕੁਮਾਰ ਸ਼ੁਕਲਾ ਸਮੇਤ ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।







