ਜਲੰਧਰ : 8 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਜਲੰਧਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੀਤੇ ਗਏ ਦੌਰੇ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਪੰਜਾਬ ਵਿਚ ‘ਰੌਸ਼ਨ ਪੰਜਾਬ’ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ, ਉਥੇ ਹੀ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਕੱਟਾਂ ਤੋਂ ਛੁਟਕਾਰਾ ਦਿਵਾਉਣ ਲਈ ਵੀ ਵੱਡਾ ਐਲਾਨ ਕੀਤਾ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਹੁਣ ਬਿਜਲੀ ਦੇ ਕੱਟਾਂ ਤੋਂ ਛੁਟਕਾਰਾ ਮਿਲੇਗਾ। ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਬਹੁਤ ਪਰੇਸ਼ਾਨ ਹਨ। ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵਿਸ਼ੇਸ਼ ਉਪਰਾਲਾ ਕਰ ਰਹੀ ਹੈ। ਇਸ ਤਹਿਤ ਪੰਜਾਬ ਸਰਕਾਰ ਵੱਲੋਂ 5 ਹਜ਼ਾਰ ਕਰੋੜ ਰੁਪਏ ਨਵੇਂ ਗ੍ਰੇਡਾਂ ਦਾ, ਨਵੀਂਆਂ ਲਾਈਨਾਂ, ਨਵੇਂ ਟਰਾਂਸਫਾਰਮਰ ਅਤੇ ਪੁਰਾਣਿਆਂ ਨੂੰ ਅਪਗ੍ਰੇਡ ਕਰਨ ਦਾ, ਉਤਪਾਦਨ ਸਮਰੱਥਾ ਵਧਾਉਣ ਲਈ ਬਹੁਤ ਵੱਡੀ ਟੀਚਾ ਮਿੱਥਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਰੇਗੂਲਰ ਆਵੇ, ਬਿਜਲੀ ਪੂਰੀ ਮਿਲੇ ਤਾਂ ਹੀ ਕਾਰੋਬਾਰ, ਖੇਤ ਅਤੇ ਘਰ ਤਿੰਨੋਂ ਯੂਨਿਟਾਂ ਲਈ ਬਿਜਲੀ ਦੀ ਪੂਰਤੀ ਕਰਨਾ ਸਰਕਾਰ ਦਾ ਫਰਜ਼ ਹੈ। ਮੈਨੂੰ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਜਦੋਂ ਤੋਂ ਸਰਕਾਰ ਨੇ ਕਮਾਂਡ ਸੰਭਾਲੀ ਹੈ, ਬਿਜਲੀ ਦੇ ਬਹੁਤ ਸਾਰੇ ਪ੍ਰੋਜੈਕਟਾਂ ਤੇ ਕੰਮ ਕੀਤਾ ਜਾ ਰਿਹਾ ਹੈ। ਅਸੀਂ 300 ਯੂਨਿਟ ਬਿਜਲੀ ਫਰੀ ਕੀਤੀ। 90 ਫ਼ੀਸਦੀ ਲੋਕਾਂ ਨੂੰ ਹੁਣ ਪੰਜਾਬ ਵਿਚ ਬਿਜਲੀ ਮੁਫ਼ਤ ਮਿਲ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕੋਲ ਪਹਿਲਾਂ ਦੋ ਹੀ ਸਰਕਾਰੀ ਥਰਮਲ ਪਲਾਂਟ ਸਨ। ਗੋਇੰਦਵਾਲ ਵਾਲਾ 540 ਮੈਗਾਵਾਟ ਦਾ ਥਰਮਲ ਪਲਾਂਟ ਇਕ ਹਜ਼ਾਰ 80 ਕਰੋੜ ਰੁਪਏ ਵਿਚ ਸਰਕਾਰ ਦੁਆਰਾ ਖਰੀਦਿਆ ਗਿਆ ਹੈ। 5 ਹਜ਼ਾਰ ਕਰੋੜ ਰੁਪਏ ਵਾਲੇ ਥਰਮਲ ਪਲਾਂਟ ਨੂੰ 80 ਕਰੋੜ ਵਿਚ ਸਰਕਾਰ ਦੁਆਰਾ ਖਰੀਦਿਆ ਗਿਆ ਹੈ। ਜਿਸ ਦਾ ਨਾਂ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਥਰਮਲ ਪਲਾਂਟ ਰੱਖਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰਾਂ ਨੂੰ ਖ਼ਰੀਦ ਰਹੀ ਹੈ।







