ਜਾਪਾਨ, 6 ਅਕਤੂਬਰ 2025 (ਸ਼ਹੀਦ—ਏ—ਆਜ਼ਮ ਬਿਓਰੋ): ਮੁੱਖ ਮੰਤਰੀ ਸੈਣੀ ਦੀ ਅਗਵਾਈ ਵਿੱਚ ਇੱਕ ਹਰਿਆਣਾ ਵਫ਼ਦ, ਜਾਪਾਨੀ ਸਰਕਾਰ ਨਾਲ ਮੁਲਾਕਾਤ ਕਰਨ ਲਈ ਉਥੇ ਗਏ। ਜਾਪਾਨ ਦੇ ਵਿਦੇਸ਼ ਰਾਜ ਮੰਤਰੀ ਮੀਆਜੀ ਟਾਕੁਮਾ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਧਿਰਾਂ ਨੇ ਹਰਿਆਣਾ ਅਤੇ ਜਾਪਾਨ ਵਿਚਕਾਰ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਾਪਾਨ ਯਾਤਰਾ ਦੌਰਾਨ ਅੱਜ ਟੋਕੀਓ ਦੇ ਸਭ ਤੋਂ ਪੁਰਾਣੇ ਸੇਨਸੋਜੀ ਮੰਦਰ ਵਿਖੇ ਮੱਥਾ ਟੇਕਣ ਵੀ ਗਏ। ਮੁੱਖ ਮੰਤਰੀ ਨੇ ਕਿਹਾ ਕਿ ਇਹ ਦੌਰਾ ਹਰਿਆਣਾ ਨੂੰ ਵਿਸ਼ਵ ਉਦਯੋਗਿਕ ਭਾਈਵਾਲੀ ਅਤੇ ਵਿਦੇਸ਼ੀ ਨਿਵੇਸ਼ ਲਈ ਨਵੇਂ ਮੌਕਿਆਂ ਨਾਲ ਜੋੜਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ 6 ਤੋਂ 8 ਅਕਤੂਬਰ ਤੱਕ ਟੋਕੀਓ ਅਤੇ ਓਸਾਕਾ ਵਿੱਚ ਕਈ ਉੱਚ-ਪੱਧਰੀ ਮੀਟਿੰਗਾਂ ਅਤੇ ਨਿਵੇਸ਼ਕ ਸਮਾਗਮਾਂ ਵਿੱਚ ਹਿੱਸਾ ਲੈਣਗੇ। ਮੁੱਖ ਮੰਤਰੀ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਟੀ.ਡੀ.ਕੇ. ਕਾਰਪੋਰੇਸ਼ਨ ਅਤੇ ਏ.ਟੀ.ਐਲ. ਬੈਟਰੀ ਨਾਲ ਮੁਲਾਕਾਤ ਕੀਤੀ, ਜੋ ਕਿ ਈ.ਐਮ.ਸੀ. ਸੋਹਨਾ ਵਿਖੇ ਭਾਰਤ ਦਾ ਸਭ ਤੋਂ ਵੱਡਾ ਲਿਥੀਅਮ-ਆਇਨ ਬੈਟਰੀ ਪਲਾਂਟ ਸਥਾਪਤ ਕਰ ਰਹੀ ਹੈ।
ਮੁੱਖ ਮੰਤਰੀ ਨੇ ਇਸ ਤੋਂ ਇਲਾਵਾ ਰੋਹਤਕ ਵਿੱਚ ₹220 ਕਰੋੜ ਤੋਂ ਵੱਧ ਦੇ ਮੈਗਾ ਪ੍ਰੋਜੈਕਟ ਲਈ ਇੱਕ ਪ੍ਰਮੁੱਖ ਗਲੋਬਲ ਮਟੀਰੀਅਲ ਕੰਪਨੀ, ਸੇਰੇਨ ਕੰਪਨੀ ਲਿਮਟਿਡ ਨਾਲ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ। ਇਹ ਪਹਿਲ 1,700 ਤੋਂ ਵੱਧ ਨੌਕਰੀਆਂ ਪੈਦਾ ਕਰੇਗੀ ਅਤੇ ਹਰਿਆਣਾ ਦੇ ਨਿਰਮਾਣ ਵਿਕਾਸ ਨੂੰ ਹੁਲਾਰਾ ਦੇਵੇਗੀ।
ਆਪਣੀ ਫੇਰੀ ਦੌਰਾਨ ਕੱਲ ਉਹ ਬੁਲੇਟ ਟ੍ਰੇਨ ਰਾਹੀਂ ਓਸਾਕਾ ਦੀ ਯਾਤਰਾ ਕਰਨਗੇ, ਜਿੱਥੇ ਉਹ ਵਿਸ਼ਵ ਐਕਸਪੋ 2025 ਵਿੱਚ ਹਿੱਸਾ ਲੈਣਗੇ ਅਤੇ ਹਰਿਆਣਾ ਰਾਜ ਜ਼ੋਨ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਜਾਪਾਨੀ ਮੇਅਰਾਂ ਅਤੇ ਉਦਯੋਗਪਤੀਆਂ ਨਾਲ ਨਿਵੇਸ਼ ਮੀਟਿੰਗਾਂ ਵੀ ਕਰਨਗੇ। ਫੇਰ 8 ਅਕਤੂਬਰ ਨੂੰ ਸੈਣੀ ਸੁਜ਼ੂਕੀ ਅਤੇ ਕੁਬੋਟਾ ਪਲਾਂਟਾਂ ਦਾ ਦੌਰਾ ਕਰਨਗੇ ਅਤੇ ਓਸਾਕਾ ਪ੍ਰੀਫੈਕਚਰ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ।







