6 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ) : ਤਿਉਹਾਰਾਂ ਦੇ ਚੱਲਦੇ ਜਿੱਥੇ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਕਈ ਐਲਾਨ ਕੀਤੇ ਹਨ ਇਸੇ ਤਰ੍ਹਾਂ ਹਵਾਈ ਯਾਤਰਾ ਵੀ ਸਸਤੀ ਕੀਤੀ ਜਾ ਰਹੀ ਹੈ। ਅੱਜ ਨਾਗਰਿਕ ਹਵਾਈ ਯਾਤਰਾ ਮਹਾਂਨਿਰਦੇਸ਼ਾਲਯ ਵੱਲੋਂ ਤਿਉਹਾਰੀ ਮੌਸਮ ਵਿੱਚ ਹਵਾਈ ਕਿਰਾਏ ਵਧਣ ਤੋਂ ਰੋਕਣ ਲਈ ਮੁੱਖ ਰੂਟਾਂ ‘ਤੇ ਵਾਧੂ ਉਡਾਣਾਂ ਦੀ ਵਿਵਸਥਾ ਕੀਤੀ ਜਾਵੇਗੀ।
ਧਿਆਨ ਰਹੇ ਕਿ ਤਿਉਹਾਰੀ ਸੀਜ਼ਨ ਆਉਂਦੇ ਹੀ ਦੀਪਾਵਲੀ ਅਤੇ ਛੱਠ ਵਰਗੇ ਤਿਉਹਾਰਾਂ ‘ਚ ਟਿਕਟਾਂ ਹੋਰ ਵੀ ਮਹਿੰਗੀਆਂ ਹੋ ਜਾਂਦੀਆਂ ਹਨ। ਹਾਲਾਂਕਿ, ਇਸ ਸਾਲ ਸਰਕਾਰ ਵੱਲੋਂ ਲਏ ਗਏ ਕਦਮਾਂ ਨਾਲ ਹਵਾਈ ਟਿਕਟਾਂ ਸਸਤੀ ਹੋਣ ਦੀ ਉਮੀਦ ਹੈ। ਨਾਗਰਿਕ ਹਵਾਈ ਯਾਤਰਾ ਮੰਤਰਾਲੇ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਹਵਾਈ ਕਿਰਾਏ ‘ਤੇ ਨਿਗਰਾਨੀ ਕਰਨਾ ਅਤੇ ਵਾਧੂ ਕਦਮਾਂ ‘ਤੇ ਧਿਆਨ ਦੇਣਾ DGCA ਦੀ ਜ਼ਿੰਮੇਵਾਰੀ ਹੋਵੇਗੀ।
DGCA ਦੇ ਅਨੁਸਾਰ ਏਅਰਲਾਈਨ ਕੰਪਨੀਆਂ ਨੇ ਵਾਧੂ ਉਡਾਣਾਂ ਕਰਨ ਦਾ ਵਾਅਦਾ ਕੀਤਾ ਹੈ, ਜਿਸ ਨਾਲ ਤਿਉਹਾਰਾਂ ਦੌਰਾਨ ਵਧਣ ਵਾਲੇ ਕਿਰਾਏ ਘਟਾਏ ਜਾ ਸਕਣਗੇ। IndiGo 42 ਸੈਕਟਰਾਂ ਵਿੱਚ ਲਗਭਗ 730 ਵਾਧੂ ਉਡਾਣਾਂ, Air India ਅਤੇ Air India Express 20 ਸੈਕਟਰਾਂ ਵਿੱਚ ਕਰੀਬ 486 ਉਡਾਣਾਂ ਅਤੇ SpiceJet 38 ਸੈਕਟਰਾਂ ਵਿੱਚ ਲਗਭਗ 546 ਵਾਧੂ ਉਡਾਣਾਂ ਕਰਨ ਦਾ ਫੈਸਲਾ ਕੀਤਾ ਹੈ।
ਭਾਰਤ ਵਿੱਚ ਅਕਤੂਬਰ ਤੋਂ ਦਸੰਬਰ ਮਹੀਨੇ ਤਿਉਹਾਰਾਂ ਦਾ ਜ਼ੋਰ ਹੁੰਦਾ ਹੈ। ਯਾਤਰੀ ਵਧਣ ਨਾਲ ਹਵਾਈ ਰੂਟ ਵੀ ਵਿਅਸਤ ਹੁੰਦੇ ਹਨ ਤੇ ਕਿਰਾਏ ਵੀ ਵਾਧੂ ਚਾਰਜ਼ ਕੀਤੇ ਜਾਂਦੇ ਹਨ। ਇਸ ਸਾਲ DGCA ਹਵਾਈ ਕਿਰਾਏ ਅਤੇ ਏਅਰਲਾਈਨ ਉਡਾਣਾਂ ‘ਤੇ ਸਖ਼ਤ ਨਿਗਰਾਨੀ ਰੱਖਣੀ ਹੈ, ਤਾਂ ਜੋ ਲੋਕਾਂ ਨੂੰ ਆਸਾਨੀ ਨਾਲ ਅਤੇ ਸਸਤੀ ਟਿਕਟਾਂ ਮਿਲ ਸਕਣ। ਐਵੀਏਸ਼ਨ ਐਨਾਲਿਟਿਕਸ ਫਰਮ Cirium ਨੇ ਦੱਸਿਆ ਕਿ ਭਾਰਤੀ ਏਅਰਲਾਈਨਜ਼ ਅਕਤੂਬਰ ਮਹੀਨੇ ਵਿੱਚ ਹਫਤਾਵਾਰੀ ਤੌਰ ‘ਤੇ 22,945 ਘਰੇਲੂ ਉਡਾਣਾਂ ਕਰਨ ਦੀ ਯੋਜਨਾ ਦੀ ਸੰਭਾਵਨਾ ਹੈ।







