ਵੱਖ-ਵੱਖ ਘਟਨਾਵਾਂ ਵਿੱਚ 14 ਲੋਕਾਂ ਦੀ ਮੌਤ ਅਤੇ ਕਈ ਲਾਪਤਾ
ਬੰਗਾਲ, 5 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ) : ਮਾਨਸੂਨ ਤੋਂ ਬਾਅਦ ਇੱਕ ਵਾਰ ਫੇਰ ਭਾਰੀ ਮੀਂਹ ਨੇ ਆਪਣਾ ਜ਼ੋਰ ਦਿਖਾਇਆ। ਉੱਤਰ ਬੰਗਾਲ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੈ। ਦਾਰਜਿਲਿੰਗ ਜ਼ਿਲ੍ਹੇ ਵਿੱਚ ਹੋਏ ਭੂ-ਸਖਲਨ ਅਤੇ ਪੁਲ ਟੁੱਟਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ 14 ਲੋਕਾਂ ਦੀ ਮੌਤ ਹੋ ਗਈ, ਅਤੇ ਕਈ ਲੋਕਾਂ ਦੇ ਲਾਪਤਾਂ ਹੋਣ ਦੀ ਖ਼ਬਰ ਹੈ।
ਜਾਣਕਾਰੀ ਅਨੁਸਾਰ, ਮਿਰਿਕ ਅਤੇ ਸੁਖੀਆ ਇਲਾਕਿਆਂ ਵਿੱਚ ਭੂ-ਸਖਲਨ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਹੈ। ਇਸ ਹਾਦਸੇ ਤੋਂ ਬਾਅਦ ਦਾਰਜਿਲਿੰਗ ਜ਼ਿਲ੍ਹਾ ਪੁਲਿਸ ਰਾਹਤ ਅਤੇ ਬਚਾਅ ਕਾਰਜ ਵਿੱਚ ਜੁਟੀ ਹੋਈ ਹੈ। ਲਗਾਤਾਰ ਮੀਂਹ ਕਾਰਨ ਕਈ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਹੈ ਅਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਭਾਜਪਾ ਸੰਸਦ ਮੈਂਬਰ ਰਾਜੂ ਬਿਸਟਾ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸਥਿਤੀ ਦਾ ਜਾਇਜਾ ਲੈ ਰਿਹਾ ਹਾਂ ਅਤੇ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਦਾਰਜੀਲਿੰਗ ਅਤੇ ਕਾਲੀਮਪੋਂਗ ਜ਼ਿਲ੍ਹਿਆਂ ਦੇ ਕਈ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਦੇ ਕਾਰਨ ਭਾਰੀ ਨੁਕਸਾਨ ਹੋਇਆ ਹੈ। ਮੈਨੂੰ ਬਹੁਤ ਦੁਖ ਹੋਇਆ ਹੈ ਕਿ ਇਸ ਕਾਰਨ ਕਈ ਲੋਕਾਂ ਦੀ ਮੌਤ ਵੀ ਹੋਈ ਹੈ।
ਉਨ੍ਹਾਂ ਨੇ ਕਿਹਾ ਅਸੀਂ ਆਪਣੇ ਭਾਜਪਾ ਵਰਕਰਾਂ ਨੂੰ ਲੋਕਾਂ ਦੀ ਮਦਦ ਅਤੇ ਸਹਾਇਤਾ ਲਈ ਇਕੱਠੇ ਹੋਣ ਦਾ ਨਿਰਦੇਸ਼ ਦੇ ਦਿੱਤਾ ਹੈ। ਅਸੀਂ ਆਪਣੇ ਲੋਕਾਂ ਦੀ ਮਦਦ ਅਤੇ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਮੈਂ ਆਪਣੇ ਸਾਰੇ ਗਠਜੋੜ ਭਾਈਵਾਲਾਂ ਅਤੇ ਖੇਤਰ ਦੇ ਹੋਰ ਰਾਜਨੀਤਿਕ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਤਾਲਮੇਲ ਬਣਾਉਣ ਦੀ ਅਪੀਲ ਕਰਦਾ ਹਾਂ ਤਾਂ ਜੋ ਲੋਕਾਂ ਤੱਕ ਸਮੇਂ ਸਿਰ ਮਦਦ ਪਹੁੰਚਾਈ ਜਾ ਸਕੇ।
