ਆਗਰਾ, 3 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ) : ਬੀਤੇ ਦਿਨ ਦੁਰਗਾ ਮੂਰਤੀ ਵਿਸਰਜਨ ਦੌਰਾਨ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ, 15 ਤੋਂ ਵੱਧ ਨੌਜਵਾਨ ਉਂਟਗਨ ਨਦੀ ਵਿੱਚ ਡੁੱਬ ਗਏ। ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਇੱਕ ਨੌਜਵਾਨ ਨੂੰ ਇੱਕ ਨੌਜਵਾਨ ਨੂੰ ਸੁਰੱਖਿਅਤ ਕੱਢ ਲਿਆ ਗਿਆ। ਐਸ.ਡੀ.ਆਰ.ਐਫ. ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਬਾਕੀ 12 ਨੌਜਵਾਨਾਂ ਦੀ ਭਾਲ ਕਰ ਰਹੀਆਂ ਹਨ।
ਪਹਿਲਾ ਹਾਦਸਾ ਖੇਤਾਗੜ੍ਹ ਇਲਾਕੇ ਵਿਚ ਹੋਇਆ, ਜਿੱਥੇ ਡੂੰਗਰਵਾਲਾ ਪਿੰਡ ਨੇੜੇ ਉਂਟਗਨ ਨਦੀ ਵਿੱਚ ਮੂਰਤੀਆਂ ਵਿਸਰਜਨ ਦੇ ਦੌਰਾਨ 14 ਨੌਜਵਾਨ ਮੂਰਤੀ ਲੈ ਕੇ ਨਦੀ ਦੇ ਵਿਚਕਾਰ ਉਤਰ ਗਏ। ਅਚਾਨਕ ਤੇਜ਼ ਵਹਾਅ ਵਿੱਚ ਸਾਰੇ ਨੌਜਵਾਨ ਡੁੱਬਣ ਲੱਗੇ ਇਹ ਦੇਖ ਉਥੇ ਖੜੀਆਂ ਔਰਤਾਂ ਤੇ ਲੋਕਾਂ ਨੇ ਰੌਲਾ ਪਾ ਦਿੱਤਾ।
ਮੌਕੇ ਤੇ ਤਾਇਨਾਤ ਪੁਲਿਸ ਅਤੇ ਪਿੰਡ ਵਾਸੀਆਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਸਟੇਸ਼ਨ ਇੰਚਾਰਜ ਮਦਨ ਸਿੰਘ ਨੇ ਆਪਣੀ ਵਰਦੀ ਉਤਾਰ ਕੇ ਨਦੀ ਵਿੱਚ ਛਾਲ ਮਾਰ ਦਿੱਤੀ। ਗੋਤਾਖੋਰਾਂ ਦੀ ਮਦਦ ਨਾਲ ਭੋਲਾ ਨੂੰ ਬਾਹਰ ਕੱਢਿਆ ਗਿਆ। ਉਸਦੀ ਹਾਲਤ ਨਾਜ਼ੁਕ ਹੈ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ, ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਹਰੇਸ਼ (20) ਅਤੇ ਗਗਨ (17) ਸ਼ਾਮਲ ਹਨ। ਦੋਵੇਂ ਭਰਾ ਸਨ। ਬਾਕੀ 10 ਨੌਜਵਾਨ ਅਜੇ ਵੀ ਲਾਪਤਾ ਹਨ।
ਦੂਜਾ ਹਾਦਸਾ ਤਾਜਗੰਜ ਖੇਤਰ ਦੇ ਕਰਭਾਨਾ ਪਿੰਡ ਵਿੱਚ ਵਾਪਰਿਆ, ਜਿੱਥੇ ਪੰਜ ਨੌਜਵਾਨ ਨਦੀ ਵਿੱਚ ਡੁੱਬ ਗਏ। ਉਨ੍ਹਾਂ ਵਿੱਚੋਂ ਤਿੰਨ ਤੈਰਨਾ ਜਾਣਦੇ ਸਨ ਉਹ ਬਚ ਦੇ ਨਿਕਲ ਆਏ, ਜਦੋਂ ਕਿ ਦੋ ਅਜੇ ਵੀ ਲਾਪਤਾ ਹਨ।
ਹਾਦਸੇ ਤੋਂ ਬਾਅਦ, ਪ੍ਰਭਾਵਿਤ ਪਰਿਵਾਰ ਮੂਰਤੀ ਦੇ ਸਾਹਮਣੇ ਬੈਠ ਗਏ ਅਤੇ ਆਪਣੇ ਲਾਪਤਾ ਬੱਚਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ। ਇਸ ਦੌਰਾਨ, ਪਿੰਡ ਵਾਸੀਆਂ ਨੇ ਬਚਾਅ ਵਿੱਚ ਦੇਰੀ ਦਾ ਦੋਸ਼ ਲਗਾਉਂਦੇ ਹੋਏ ਸੜਕ ਜਾਮ ਕਰ ਦਿੱਤੀ। ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਕੀਤਾ।
ਡੀ.ਸੀ.ਪੀ. ਵੈਸਟ ਅਤੁਲ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਵਿਸਰਜਨ ਸਥਾਨ ਨਿਰਧਾਰਤ ਕਰ ਲਿਆ ਸੀ, ਪਰ ਉੱਥੇ ਜਾਣ ਦੀ ਬਜਾਏ, ਨੌਜਵਾਨ ਵਿਚਕਾਰੋਂ ਨਦੀ ਵਿੱਚ ਵੜ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ।







