ਵਾਸ਼ਿੰਗਟਨ, 1 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਖਰਕਾਰ ਹਮਾਸ ਨੂੰ ਪਛਾੜ ਦਿੱਤਾ ਹੈ। ਇਜ਼ਰਾਈਲ ਅਤੇ ਹਮਾਸ ਵਿਚਕਾਰ ਲਗਭਗ ਦੋ ਸਾਲ ਚੱਲੀ ਜੰਗ ਦੇ ਵਿਚਕਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਾਂਤੀ ਸਮਝੌਤੇ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਕਿਹਾ ਕਿ ਹਮਾਸ ਕੋਲ ਉਨ੍ਹਾਂ ਦੇ 20-ਨੁਕਾਤੀ ਸ਼ਾਂਤੀ ਪ੍ਰਸਤਾਵ ਦਾ ਜਵਾਬ ਦੇਣ ਲਈ ਤਿੰਨ ਤੋਂ ਚਾਰ ਦਿਨ ਹਨ। ਟਰੰਪ ਨੇ ਹਮਾਸ ਨੂੰ ਸਮਝੌਤੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ‘ਤੇ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ।
ਹਮਾਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਯੋਜਨਾ ਦਾ ਅਧਿਐਨ ਕਰ ਰਿਹਾ ਹੈ ਅਤੇ ਜਲਦੀ ਹੀ ਜਵਾਬ ਦੇਵੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਹੋਰ ਸਾਰੀਆਂ ਧਿਰਾਂ ਪਹਿਲਾਂ ਹੀ ਇਸ ‘ਤੇ ਦਸਤਖਤ ਕਰ ਚੁੱਕੀਆਂ ਹਨ ਅਤੇ ਉਹ ਸਿਰਫ਼ ਹਮਾਸ ਦੇ ਇਸ ‘ਤੇ ਦਸਤਖਤ ਕਰਨ ਦੀ ਉਡੀਕ ਕਰ ਰਹੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਮਾਸ ਪ੍ਰਸਤਾਵ ਮਨਜ਼ੂਰ ਕਰ ਲੈਂਦਾ ਹੈ ਅਤੇ ਗਾਜ਼ਾ ’ਚ ਜੰਗ ਰੁਕਦੀ ਹੈ ਤਾਂ ਉਹ ਦੇ ਕਾਰਜਕਾਲ ਦੇ ਪਹਿਲੇ ਅੱਠ ਮਹੀਨਿਆਂ ’ਚ ਇਹ ਅੱਠਵੀਂ ਜੰਗ ਖ਼ਤਮ ਹੋਵੇਗੀ।
ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਕਾਰ ਗੱਲਬਾਤ ਤੋਂ ਬਾਅਦ ਪੇਸ਼ ਕੀਤੀ ਗਈ ਸ਼ਾਂਤੀ ਯੋਜਨਾ, ਗਾਜ਼ਾ ਵਿੱਚ ਜੰਗ ਨੂੰ ਤੁਰੰਤ ਖਤਮ ਕਰਨ ਅਤੇ ਹਮਾਸ ਦੁਆਰਾ ਰੱਖੇ ਗਏ ਸਾਰੇ ਬੰਧਕਾਂ ਨੂੰ 72 ਘੰਟਿਆਂ ਦੇ ਅੰਦਰ ਰਿਹਾਅ ਕਰਨ ਦਾ ਪ੍ਰਸਤਾਵ ਰੱਖਦੀ ਹੈ। ਭਾਰਤ, ਚੀਨ ਅਤੇ ਰੂਸ ਸਮੇਤ ਅੱਠ ਅਰਬ ਅਤੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਨੇ ਗਾਜ਼ਾ ਵਿੱਚ ਜੰਗ ਖਤਮ ਕਰਨ ਲਈ ਡੋਨਾਲਡ ਟਰੰਪ ਦੀ 20-ਨੁਕਾਤੀ ਯੋਜਨਾ ਦਾ ਸਵਾਗਤ ਕੀਤਾ ਹੈ।







