29 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਤੇ ਕਬਜ਼ਾ ਕੀਤਾ। ਇਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਮੁਬਾਰਕਬਾਦ ਦਿੰਦਿਆ ਕਿਹਾ ਕਿ ਜਿਵੇਂ ਪਹਿਲਗਾਮ ਹਾਦਸੇ ਤੋਂ ਬਾਅਦ ‘ਆਪ੍ਰੇਸ਼ਨ ਸੰਧੂਰ’ ਤਹਿਤ ਭਾਰਤੀ ਫੌਜ ਨੇ ਅੱਤਵਾਦੀਆਂ ਨੂੰ ਮਾਰ ਕੇ ਬਦਲਾ ਲਿਆ ਸੀ, ਇਸੇ ਤਰ੍ਹਾਂ ਕ੍ਰਿਕਟ ਦੇ ਮੈਦਾਨ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕਰਾਰਾ ਜਵਾਬ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਤੇ ਪਾਕਿਸਤਾਨੀ ਟੀਮਾਂ ਕ੍ਰਿਕੇਟ ਦੇ ਮੈਦਾਨ ’ਤੇ ਇੱਕ ਦੂਜੇ ਦੇ ਸਾਹਮਣੇ ਸਨ। ਜੰਗ ਦੇ ਮੈਦਾਨ ਤੋਂ ਬਾਅਦ, ਭਾਰਤ ਨੇ ਕ੍ਰਿਕੇਟ ਦੇ ਮੈਦਾਨ ’ਤੇ ਵੀ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ, ਟੂਰਨਾਮੈਂਟ ’ਚ ਪਾਕਿਸਤਾਨ ਨੂੰ ਤਿੰਨ ਵਾਰ ਹਰਾਇਆ, ਜਿਸ ’ਚ ਖਿਤਾਬ ਮੈਚ ਵੀ ਸ਼ਾਮਲ ਹੈ।
ਭਾਰਤ ਨੇ ਪਹਿਲਾਂ ਗਰੁੱਪ ਪੜਾਅ ’ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਤੇ ਫਿਰ ਸੁਪਰ ਫੋਰ ਪੜਾਅ ’ਚ ਛੇ ਵਿਕਟਾਂ ਨਾਲ ਹਰਾਇਆ। ਭਾਰਤ ਦੀ ਜਿੱਤ ਦਾ ਸਿਲਸਿਲਾ ਫਾਈਨਲ ’ਚ ਵੀ ਜਾਰੀ ਰਿਹਾ, ਅਤੇ ਟੀਮ ਇੰਡੀਆ ਨੇ ਖਿਤਾਬੀ ਮੈਚ ’ਚ ਬੇਮਿਸਾਲ ਜਿੱਤ ਹਾਸਲ ਕੀਤੀ, ਜਿਸ ਨਾਲ ਦੇਸ਼ ਵਾਸੀਆਂ ਨੂੰ ਮਾਣ ਕਰਨ ਦਾ ਮੌਕਾ ਮਿਲਿਆ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਭਾਰਤ ਨੇ ਪਾਕਿਸਤਾਨ ਨੂੰ 19.1 ਓਵਰਾਂ ’ਚ 146 ਦੌੜਾਂ ’ਤੇ ਹੀ ਰੋਕ ਦਿੱਤਾ। ਭਾਰਤ ਦੇ ਤਿਲਕ ਵਰਮਾ ਨੇ 53 ਗੇਂਦਾਂ ’ਚ ਨਾਬਾਦ 69 ਦੌੜਾਂ ਬਣਾਈਆਂ, ਜਿਸ ’ਚ ਤਿੰਨ ਚੌਕੇ ਤੇ 4 ਛੱਕੇ ਸ਼ਾਮਲ ਸਨ। ਜਿਸ ਨਾਲ ਭਾਰਤ 19.4 ਓਵਰਾਂ ’ਚ ਪੰਜ ਵਿਕਟਾਂ ’ਤੇ 150 ਦੌੜਾਂ ਤੱਕ ਪਹੁੰਚ ਸਕਿਆ।
ਭਾਰਤੀ ਟੀਮ ਨੇ 2023 ’ਚ ਇੱਕ ਰੋਜ਼ਾ ਜਿੱਤਣ ਤੋਂ ਬਾਅਦ 2025 ’ਚ ਟੀ-20 ਏਸ਼ੀਆ ਕੱਪ ਜਿੱਤਿਆ। ਰਿੰਕੂ ਸਿੰਘ ਨੇ ਭਾਰਤ ਲਈ ਜੇਤੂ ਚੌਕਾ ਮਾਰਿਆ। ਜਿਵੇਂ ਹੀ ਰਿੰਕੂ ਨੇ ਬਾਊਂਡਰੀ ਮਾਰੀ, ਭਾਰਤ ਵਿਚ ਤੇ ਮੈਦਾਨ ’ਤੇ ਮੌਜੂਦ ਦਰਸ਼ਕ ਖੁਸ਼ੀ ਨਾਲ ਝੂਮ ਉੱਠੇ।







