ਨਜਫ਼ਗੜ੍ਹ ਦੋਹਰਾ ਕਤਲ ਕੇਸ ਵਿਚ ਸ਼ਾਮਲ ਸਨ ਭਗੌੜੇ
ਗੁਰੂਗ੍ਰਾਮ, 27 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਨਜਫ਼ਗੜ੍ਹ ਦੋਹਰੇ ਕਤਲ ਕੇਸ ਵਿਚ ਲੋੜੀਂਦੇ ਦੋ ਵਿਅਕਤੀਆਂ ਨੂੰ ਦਿੱਲੀ ਪੁਲੀਸ ਨੇ ਗੁਰੂਗ੍ਰਾਮ ਵਿਚ ਇਕ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਮੋਹਿਤ ਜਾਖੜ (29) ਵਾਸੀ ਛਾਵਲਾ ਤੇ ਜਤਿਨ ਰਾਜਪੂਤ (21) ਵਾਸੀ ਦਵਾਰਕਾ ਮੋੜ ਵਜੋਂ ਹੋਈ ਹੈ। ਦਿੱਲੀ ਪੁਲੀਸ ਤੇ ਗੁਰੂਗ੍ਰਾਮ ਪੁਲੀਸ ਨੇ ਸਵੇਰੇ 4.30 ਵਜੇ ਸਾਂਝੀ ਕਾਰਵਾਈ ਕੀਤੀ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦਿੱਲੀ ਦੇ ਨਜਫ਼ਗੜ੍ਹ ਦੋਹਰਾ ਕਤਲ ਕੇਸ ਵਿਚ ਸ਼ਾਮਲ ਸਨ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਮੁਕਾਬਲੇ ਦੌਰਾਨ ਮੁਲਜ਼ਮਾਂ ਨੇ ਪਹਿਲਾਂ ਫਾਇਰਿੰਗ ਕੀਤੀ। ਪੁਲੀਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਜਿਸ ਵਿਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਲੱਤਾਂ ਵਿਚ ਗੋਲੀ ਵੱਜੀ।’’ ਮੁਲਜ਼ਮਾਂ ਨੂੰ ਇਲਾਜ ਲਈ ਗੁਰੂਗ੍ਰਾਮ ਦੇ ਸੈਕਟਰ 10 ਵਿਚਲੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਪਾਸੋਂ ਦੋ ਪਿਸਤੌਲ, ਪੰਜ ਕਾਰਤੂਸ ਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ।
