Homeਪੰਜਾਬ1600 ਕਰੋੜ ਦੇ ਲਾਰੇ ! ‘ਆਪ’ ਨੇ ਲਾਏ ਵਿਧਾਨ ਸਭਾ ’ਚ ਮੋਦੀ...

1600 ਕਰੋੜ ਦੇ ਲਾਰੇ ! ‘ਆਪ’ ਨੇ ਲਾਏ ਵਿਧਾਨ ਸਭਾ ’ਚ ਮੋਦੀ ਵਿਰੁੱਧ ਨਾਅਰੇ

ਕੇਂਦਰ ਸਰਕਾਰ ਤੋਂ 20 ਹਜ਼ਾਰ ਕਰੋੜ ਪੈਕੇਜ ਦਾ ਮਤਾ ਪੇਸ਼


ਚੰਡੀਗੜ੍ਹ, 27 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਅੱਜ ਹੋਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਹੜ੍ਹਾਂ ਤੇ ਰਾਹਤ ਕਾਰਜਾਂ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਜਿਸ ਕਾਰਨ ਹੰਗਾਮਾ ਵੀ ਹੋਇਆ ਤੇ ਤਿੱਖੀ ਨੋਕ—ਝੋਕ ਵੀ ਹੋਈ। ਪੂਰੇ ਸੂਬੇ ਵਿਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਤੇ ਕਿਸਾਨਾਂ ਦੀ ਨੁਕਸਾਨਪੂਰਤੀ ਲਈ ਕੇਂਦਰ ਸਰਕਾਰ ਤੋਂ 20,000 ਕਰੋੜ ਦੀ ਮੰਗ ਦਾ ਮਤਾ ਪੇਸ਼ ਕੀਤਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ’ਚ ਮਤਾ ਪੇਸ਼ ਕੀਤਾ, ਜਿਸ ’ਚ ਕੇਂਦਰ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਲਈ ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਮਾਮੂਲੀ ਕਰਾਰ ਦਿੱਤਾ ਗਿਆ। ਅੱਜ ਸਦਨ ਵਿੱਚ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮਤਾ ਪੇਸ਼ ਕਰ ਕੇ ਕੇਂਦਰ ਸਰਕਾਰ ਤੋਂ ਹੜ੍ਹ ਪ੍ਰਭਾਵਿਤ ਪੰਜਾਬ ਲਈ 20 ਹਜ਼ਾਰ ਕਰੋੜ ਰੁਪਏ ਦੇ ਵਿੱਤੀ ਰਾਹਤ ਪੈਕੇਜ ਦੀ ਮੰਗ ਕੀਤੀ। ਹੜ੍ਹਾਂ ਬਾਰੇ ਸਦਨ ’ਚ ਹੋਈ ਬਹਿਸ ਦੌਰਾਨ ਭਾਜਪਾ ਦੇ ਦੋ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਜੰਗੀ ਲਾਲ ਮਹਾਜਨ ਗੈਰ-ਹਾਜ਼ਰ ਰਹੇ।

ਸਦਨ ਵਿੱਚ ਸੱਤਾਧਾਰੀ ਧਿਰ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਪੰਜਾਬ ਨੂੰ ਮਾਮੂਲੀ ਰਾਹਤ ਫੰਡ ਦੇਣ ਦੇ ਮਾਮਲੇ ’ਤੇ ਘੇਰਿਆ। ਹਾਕਮ ਧਿਰ ਨੇ ਜਿੱਥੇ ਭਾਜਪਾ ਨੂੰ ਨਿਸ਼ਾਨੇ ’ਤੇ ਰੱਖਿਆ, ਉੱਥੇ ਹੀ ਵਿਰੋਧੀ ਧਿਰ ਕਾਂਗਰਸ ’ਤੇ ਵੀ ਭਾਜਪਾ ਦੀ ਪਿੱਠ ਪੂਰਨ ਦੇ ਦੋਸ਼ ਲਗਾਏ। ਵਿਰੋਧੀ ਧਿਰ ਨੇ ਬਹਿਸ ਵਿੱਚ ਪੰਜਾਬ ’ਚ ਆਏ ਹੜ੍ਹਾਂ ਦੌਰਾਨ ‘ਆਪ’ ਸਰਕਾਰ ਦੀ ਨਾਕਾਮੀ ਦਾ ਜ਼ਿਕਰ ਕੀਤਾ। ਸਦਨ ਵਿੱਚ ਪੇਸ਼ ਮਤੇ ’ਚ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਪਹੁੰਚ ਦੀ ਆਲੋਚਨਾ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਰਾਹਤ ਪੈਕੇਜ ਨੂੰ ਮਹਿਜ਼ ਖਾਨਾਪੂਰਤੀ ਦੱਸਿਆ ਗਿਆ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ 1988 ਨਾਲੋਂ ਵੀ ਭਿਆਨਕ ਹੜ੍ਹਾਂ ਨਾਲ ਸੂਬੇ ਦਾ ਕਰੀਬ 13,900 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਦੀ ਪੂਰਤੀ ਲਈ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਨਾਕਾਫ਼ੀ ਹੈ। 1600 ਕਰੋੜ ਰੁਪਏ ਦਾ ਜਿਹੜਾ ਪੈਕੇਜ ਐਲਾਨਿਆ ਗਿਆ ਹੈ, ਉਸ ’ਚੋਂ ਵੀ ਹਾਲੇ ਤੱਕ ਪੰਜਾਬ ਸਰਕਾਰ ਦੇ ਖ਼ਜ਼ਾਨੇ ’ਚ ਕੋਈ ਪੈਸਾ ਨਹੀਂ ਆਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਨੂੰ ਸਿਖ਼ਰ ’ਤੇ ਪਹੁੰਚਾਉਂਦਿਆਂ ਪੰਜਾਬ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਪੰਜਾਬੀਆਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਪੰਜਾਬ ਖ਼ਾਤਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ਵਿੱਚ ਸਿਆਸਤ ਕਰਨ ਵਾਲੇ ਆਗੂਆਂ ਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਹੜ੍ਹਾਂ ’ਤੇ ਚਰਚਾ ਲਈ ਸੱਦਿਆ ਗਿਆ ਸੈਸ਼ਨ ਅਜਿਹੇ ਮੌਕੇ ਸਿਆਸਤ ਕਰਨ ਵਾਲੇ ਆਗੂਆਂ ਦੀ ਸੌੜੀ ਮਾਨਸਿਕਤਾ ਕਾਰਨ ਆਲੋਚਨਾ ਤੱਕ ਸਿਮਟ ਗਿਆ ਹੈ।

ਮੁੱਖ ਮੰਤਰੀ ਨੇ ਅੱਜ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵਾਰ-ਵਾਰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ’ਤੇ ਸੰਕਟ ਆਉਂਦਾ ਹੈ ਤਾਂ ਪੰਜਾਬ ਢਾਲ ਬਣਦਾ ਹੈ ਪ੍ਰੰਤੂ ਹੁਣ ਔਖ ਦੀ ਘੜੀ ’ਚ ਕੇਂਦਰ ਨੇ ਪੰਜਾਬ ਨੂੰ ਆਪਣੇ ਰਹਿਮੋ ਕਰਮ ’ਤੇ ਛੱਡ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਤਿੰਨ ਸਾਲਾਂ ਦੌਰਾਨ ‘ਆਪ’ ਸਰਕਾਰ ਨੇ 3825 ਕਿਲੋਮੀਟਰ ਨਾਲਿਆਂ ਦੀ ਸਫ਼ਾਈ ਕਰਵਾਈ ਹੈ ਜਦੋਂ ਕਿ ਪਿਛਲੀ ਸਰਕਾਰ ਨੇ 2066 ਕਿਲੋਮੀਟਰ ਨਾਲਿਆਂ ਦੀ ਸਫ਼ਾਈ ਕਰਵਾਈ ਸੀ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਭਾਖੜਾ ਤੇ ਪੌਂਗ ਡੈਮ ’ਚੋਂ ਗਾਰ ਨਹੀਂ ਕੱਢੀ ਗਈ ਸੀ। ਉਨ੍ਹਾਂ ਕਿਹਾ ਕਿ ਭਾਰੀ ਹੜ੍ਹਾਂ ਦੇ ਬਾਵਜੂਦ ਘੱਗਰ ਦੇ ਨੁਕਸਾਨ ਤੋਂ ਬਚਾਅ ਰਿਹਾ ਹੈ।

ਮਾਨ ਨੇ ਭਾਰਤੀ ਮੌਸਮ ਵਿਭਾਗ ਦੀ ਗਿਣਤੀ-ਮਿਣਤੀ ਗ਼ਲਤ ਹੋਣ ਕਰ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪੌਂਗ ਡੈਮ ’ਚ 1988 ਨਾਲੋਂ 60.4 ਫ਼ੀਸਦੀ ਵੱਧ ਪਾਣੀ ਆਇਆ ਅਤੇ ਭਾਖੜਾ ਡੈਮ ’ਚ 1988 ਨਾਲੋਂ 2.65 ਫ਼ੀਸਦੀ ਵੱਧ ਪਾਣੀ ਆਇਆ। ਰਣਜੀਤ ਸਾਗਰ ਡੈਮ ’ਚ 65.3 ਫ਼ੀਸਦੀ ਵੱਧ ਪਾਣੀ ਆਇਆ।

ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਐਤਕੀਂ ਹੜ੍ਹਾਂ ਤੋਂ ਬਚਾਅ ਲਈ ਤਿਆਰੀ ਮੀਟਿੰਗ 4 ਅਪਰੈਲ ਨੂੰ ਹੋ ਗਈ ਸੀ ਜਦੋਂ ਕਿ ਕਾਂਗਰਸ ਸਰਕਾਰ ਦੌਰਾਨ ਇਹ ਮੀਟਿੰਗਾਂ ਜੁਲਾਈ ਜਾਂ ਉਸ ਤੋਂ ਬਾਅਦ ਦੇ ਮਹੀਨਿਆਂ ਵਿੱਚ ਹੁੰਦੀਆਂ ਸਨ। ਕੇਂਦਰੀ ਮੰਤਰੀ ਪੰਜਾਬ ’ਚ ਫ਼ੋਟੋ ਸੈਸ਼ਨ ਲਈ ਆਉਂਦੇ ਰਹੇ। ਸ਼੍ਰੋਮਣੀ ਅਕਾਲੀ ਦਲ ਇੱਕੋ ਫੰਡ ਨੂੰ ਵਾਰ-ਵਾਰ ਘੁਮਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ। ਉਨ੍ਹਾਂ ਚੇਤੇ ਕਰਵਾਇਆ ਕਿ ਅਕਾਲੀ ਦਲ ਦੇ ਰਾਜ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਅਤੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਹੋਇਆ ਸੀ।

ਭਗਵੰਤ ਮਾਨ ਨੇ ‘ਰੰਗਲਾ ਪੰਜਾਬ ਫੰਡ’ ਤੇ ਉੱਠੇ ਵਿਵਾਦ ਬਾਰੇ ਜਵਾਬ ਦਿੰਦਿਆਂ ਕਿਹਾ ਕਿ ਇਸ ਫੰਡ ਵਿੱਚ ਇਕੱਤਰ ਹੋਣ ਵਾਲੇ ਇੱਕ-ਇੱਕ ਪੈਸੇ ਦੀ ਯੋਗ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਦੀਆਂ ਕੁੱਝ ਸੀਮਾਵਾਂ ਸਨ, ਜਿਸ ਕਰ ਕੇ ‘ਰੰਗਲਾ ਪੰਜਾਬ ਫੰਡ’ ਕਾਇਮ ਕਰਨਾ ਪਿਆ। ਮੁੱਖ ਮੰਤਰੀ ਰਾਹਤ ਫੰਡ ’ਚ ਸੀ ਐੱਸ ਆਰ ਫੰਡਾਂ ’ਚੋਂ ਯੋਗਦਾਨ ਨਹੀਂ ਪਾਇਆ ਜਾ ਸਕਦਾ ਸੀ ਅਤੇ ਸੰਸਦ ਮੈਂਬਰ ਵੀ 20 ਲੱਖ ਤੋਂ ਵੱਧ ਦਾ ਯੋਗਦਾਨ ਨਹੀਂ ਪਾ ਸਕਦੇ ਸਨ। ਉਨ੍ਹਾਂ ਕਿਹਾ ਕਿ ਇਸ ਫੰਡ ਦਾ ਪੂਰਾ ਹਿਸਾਬ-ਕਿਤਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ।

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੇਸ਼ ਵਾਸੀਆਂ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਪੰਜਾਬ ਹਮੇਸ਼ਾ ਹਰ ਸੰਕਟ ਦੀ ਘੜੀ ਵਿਚ ਦੇਸ਼ ਦੀ ਸੇਵਾ ਵਿਚ ਤਿਆਰ—ਬਰ—ਤਿਆਰ ਰਹਿੰਦਾ ਹੈ। ਰਾਸ਼ਟਰ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਹਨ।

ਅੱਜ ਦੇ ਮਤੇ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦੀ ਆਲੋਚਨਾ ਵੀ ਕੀਤੀ ਗਈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਬੇਨਤੀ ਕਰਨ ’ਤੇ ਵੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਸਦਨ ਵਿੱਚ ਹਾਜ਼ਰ ਕਾਂਗਰਸੀ ਵਿਧਾਇਕਾਂ, ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਅਤੇ ਬਸਪਾ ਵਿਧਾਇਕ ਵੱਲੋਂ ਵੀ ਕੇਂਦਰੀ ਮਦਦ ਲੈਣ ਲਈ ਪੰਜਾਬ ਨਾਲ ਤੁਰਨ ਦੀ ਹਮਾਇਤ ਕੀਤੀ ਗਈ।

ਸੂਬੇ ’ਚ ਆਏ ਹੜ੍ਹਾਂ ਵਿੱਚ ਜਾਨ ਗੁਆਉਣ ਵਾਲੇ 59 ਨਾਗਰਿਕਾਂ ਨੂੰ ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ।

RELATED ARTICLES
- Advertisment -
Google search engine
Google search engine
Google search engine

Most Popular

Recent Comments