Home Uncategorized ਪਟਿਆਲਾ ਵਿੱਚ ਜਾਰੀ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ

ਪਟਿਆਲਾ ਵਿੱਚ ਜਾਰੀ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ

0
ਚੈਕਿੰਗ ਦੌਰਾਨ ਕਮਿਸ਼ਨਰ ਪਰਮਵੀਰ ਸਿੰਘ ਅਤੇ ਨਿਗਮ ਟੀਮ

ਦੋ ਸਾਲਾਂ ਵਿੱਚ ਪੂਰੇ ਸ਼ਹਿਰ ਨੂੰ ਕਵਰ ਕਰਨ ਦਾ ਟੀਚਾ – ਕਮਿਸ਼ਨਰ ਪਰਮਵੀਰ ਸਿੰਘ


ਪਟਿਆਲਾ 25 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ ਘੁੰਮਦੇ ਆਵਾਰਾ  ਕੁੱਤਿਆਂ ਦੀ ਗਿਣਤੀ ‘ਤੇ ਕਾਬੂ ਪਾਉਣ ਅਤੇ ਜਨ ਸਿਹਤ ਨੂੰ ਸੁਰੱਖਿਅਤ ਬਣਾਉਣ ਲਈ ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਪ੍ਰੋਗਰਾਮ ਜਾਰੀ ਹੈ। ਇਸ ਪ੍ਰੋਗਰਾਮ ਅਧੀਨ ਭਟਕਦੇ ਕੁੱਤਿਆਂ ਦੀ ਨਸਬੰਦੀ (ਸਟੇਰਲਾਈਜ਼ੇਸ਼ਨ) ਅਤੇ ਰੇਬੀਜ਼ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਨੇ ਨਿਗਮ ਟੀਮ ਸਮੇਤ ਮੋਦੀ ਕਾਲਜ ਨੇੜੇ ਬਣੇ ਏ.ਬੀ.ਸੀ. ਸੈਂਟਰ ਦੀ ਚੈਕਿੰਗ  ਦੌਰਾਨ ਕੀਤਾ।

ਦੱਸਣਯੋਗ ਹੈ ਕਿ ਇਹ ਮੁਹਿੰਮ ਡਾ. ਅੰਕਿਤ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਚੱਲ ਰਹੀ ਹੈ, ਜਿਸ ਦੀ ਸ਼ੁਰੂਆਤ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ, ਆਈ.ਏ.ਐਸ. ਪਰਮਵੀਰ ਸਿੰਘ ਵੱਲੋਂ ਕੀਤੀ ਗਈ ਸੀ। ਪ੍ਰੋਗਰਾਮ ਦੀ ਸ਼ੁਰੂਆਤ ਜੁਲਾਈ ਮਹੀਨੇ ਵਿੱਚ ਕੀਤੀ ਗਈ ਸੀ ਜਿਸ ਤਹਿਤ ਹੁਣ ਤੱਕ 778 ਆਵਾਰਾ ਕੁੱਤੇ ਸਫਲਤਾਪੂਰਵਕ ਸਟੇਰਲਾਈਜ਼ ਅਤੇ ਟੀਕਾਕਰਨ ਕੀਤੇ ਜਾ ਚੁੱਕੇ ਹਨ।

ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿੱਚ 15 ਕੇਨਲ ਬਣਾਏ ਗਏ ਹਨ। ਹਰ ਰੋਜ਼ ਇੱਥੇ ਕੁੱਤਿਆਂ ਦੀ ਸਟੇਰਲਾਈਜ਼ੇਸ਼ਨ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਰਜਰੀ ਤੋਂ ਬਾਅਦ ਸਹੀ ਦੇਖਭਾਲ ਨਾਲ ਮੁੜ ਉਸੇ ਥਾਂ ਛੱਡਿਆ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਪੁਰਾਣੇ ਏ.ਬੀ.ਸੀ. ਸੈਂਟਰ ਨੇੜੇ 24 ਨਵੇਂ ਕੇਨਲਾਂ ਦੀ ਨਿਰਮਾਣ ਪ੍ਰਕਿਰਿਆ ਜਾਰੀ ਹੈ। ਇਸ ਤੋਂ ਇਲਾਵਾ ਇੱਕ ਨਵੀਂ ਸਾਈਟ ਵੀ ਨਿਰਧਾਰਤ ਕੀਤੀ ਗਈ ਹੈ, ਜਿੱਥੇ 50 ਕੇਨਲ ਬਣਾਏ ਜਾਣਗੇ।

ਇਨ੍ਹਾਂ ਨਵੇਂ ਕੇਨਲਾਂ ਦੇ ਬਣਨ ਨਾਲ ਨਿਗਮ ਵੱਲੋਂ ਹਰ ਰੋਜ਼ 50 ਕੁੱਤਿਆਂ ਦੀ ਸਟੇਰਲਾਈਜ਼ੇਸ਼ਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਅਨੁਮਾਨ ਹੈ ਕਿ ਅਗਲੇ ਦੋ ਸਾਲਾਂ ਵਿੱਚ ਪੂਰੇ ਪਟਿਆਲਾ ਸ਼ਹਿਰ ਨੂੰ ਇਸ ਯੋਜਨਾ ਹੇਠ ਕਵਰ ਕਰ ਲਿਆ ਜਾਵੇਗਾ। ਪਾਰਦਰਸ਼ੀਤਾ ਯਕੀਨੀ ਬਣਾਉਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਹਰ ਰੋਜ਼ ਦੀਆਂ ਸਟੇਰਲਾਈਜ਼ੇਸ਼ਨ ਰਿਪੋਰਟਾਂ ਨਿਗਮ ਦੇ ਅਧਿਕਾਰਕ ਪੋਰਟਲ ‘ਤੇ ਅਪਲੋਡ ਕੀਤੀਆਂ ਜਾ ਰਹੀਆਂ ਹਨ

ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਇਸ ਪ੍ਰੋਗਰਾਮ ਨੂੰ ਪੂਰੀ ਜ਼ਿੰਮੇਵਾਰੀ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਦੀ ਗਿਣਤੀ ‘ਤੇ ਕਾਬੂ ਪਾਉਣਾ ਨਾ ਸਿਰਫ਼ ਜਨ ਸਿਹਤ ਲਈ ਜਰੂਰੀ ਹੈ, ਬਲਕਿ ਇਸ ਨਾਲ ਸ਼ਹਿਰ ਹੋਰ ਵੀ ਸੁਰੱਖਿਅਤ ਅਤੇ ਸਾਫ ਸੁਥਰਾ ਬਣੇਗਾ। ਨਗਰ ਨਿਗਮ ਵੱਲੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਫੋਟੋ – ਚੈਕਿੰਗ ਦੌਰਾਨ ਕਮਿਸ਼ਨਰ ਪਰਮਵੀਰ ਸਿੰਘ ਅਤੇ ਨਿਗਮ ਟੀਮ

Exit mobile version