ਆਫਤ ਤੋਂ ਪਹਿਲਾਂ ਅਤੇ ਆਫਤ ਤੋਂ ਬਾਅਦ ਪ੍ਰਬੰਧਨ ਵਿੱਚ ਮੀਡੀਆ ਦੀ ਅਹਿਮ ਭੂਮਿਕਾ –ਰਾਹੁਲ ਜੈਨ, ਏਡੀਸੀ
ਸੋਲਨ/ਸ਼ਿਮਲਾ/ਚੰਡੀਗੜ੍ਹ, 24 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਦੁਆਰਾ ਅੱਜ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਆਫ਼ਤ ਪ੍ਰਬੰਧਨ, ਪੋਸ਼ਣ ਅਭਿਆਨ, ਬਾਗਬਾਨੀ ਮਿਸ਼ਨ ਅਤੇ ਮਹਿਲਾ ਸਸ਼ਕਤੀਕਰਣ ਵਰਗੇ ਵਿਸ਼ਿਆਂ ‘ਤੇ ਇੱਕ ਮੀਡੀਆ ਵਰਕਸ਼ਾਪ, “ਵਾਰਤਾਲਾਪ” ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਆਫ਼ਤ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ‘ਤੇ ਸਰਕਾਰ ਅਤੇ ਚੌਥੇ ਥੰਮ੍ਹ ਦੇ ਦਰਮਿਆਨ ਸਾਰਥਕ ਸੰਵਾਦ ਅਤੇ ਵਿਚਾਰਾਂ ਦੇ ਉਪਯੋਗੀ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ ਸੀ।

ਇਸ ਵਾਰਤਾਲਾਪ ਦੀ ਸ਼ੁਰੂਆਤ ਸੋਲਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਨਮੋਹਨ ਸ਼ਰਮਾ ਨੇ ਕੀਤੀ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਇੱਕ ਅਜਿਹਾ ਖੇਤਰ ਹੈ, ਜੋ ਮੀਡੀਆ ਰਿਪੋਰਟਾਂ ਵਿੱਚ ਸਨਸਨੀਖੇਜ਼ਤਾ ਹੋਣ ਕਾਰਨ ਗੈਰ ਜ਼ਰੂਰੀ ਰੂਪ ਵਿੱਚ ਪ੍ਰਭਾਵਿਤ ਹੋ ਸਕਦਾ ਹੈ।
ਸੋਲਨ ਮੀਡੀਆ ਦੀ ਪਰਿਪੱਕ ਅਤੇ ਸੰਤੁਲਿਤ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਡੀਆ ਵਲੋਂ ਜਨਤਾ ਨੂੰ ਇਹ ਭਰੋਸਾ ਦਿਵਾਉਣ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ ਕਿ ਸਰਕਾਰ ਆਫ਼ਤਾਂ ਦੌਰਾਨ ਸਰਗਰਮ ਹੈ ਅਤੇ ਆਫਤਾਂ ਸਮੇਂ ਕਾਰਵਾਈ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਡੀਆ ਵੱਡੀਆਂ ਆਫ਼ਤਾਂ ਨਾਲ ਨਜਿੱਠਣ ਅਤੇ ਉਨ੍ਹਾਂ ਦੇ ਪ੍ਰਬੰਧਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਵੱਛਤਾ ਅਭਿਆਨ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਇਸ ਅਭਿਆਨ ਦੀ ਸਫਲਤਾ ਵਿੱਚ ਮੀਡੀਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਡੀਆ ਦੀ ਮੁੱਖ ਭੂਮਿਕਾ ਸਰਕਾਰ ਨੂੰ ਜਵਾਬਦੇਹ ਬਣਾਉਣਾ ਹੈ।