ਗਿਰਦਾਵਰੀ ਵਿੱਚ ਦੇਰੀ ਕਾਰਨ ਕਿਸਾਨਾਂ ਵਿੱਚ ਰੋਸ – ਮੋਹਿਤ ਮਹਿੰਦਰਾ
ਪਟਿਆਲਾ, 22 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਹਾਲ ਹੀ ਦੇ ਹੜਾਂ ਕਾਰਨ ਹੋਈ ਬੇਹਿਸਾਬ ਤਬਾਹੀ ਦਾ ਦੁੱਖ ਸਹਿਣ ਕਰ ਰਹੇ ਪੰਜਾਬ ਦੇ ਕਿਸਾਨ ਅਜੇ ਵੀ ਸਰਕਾਰ ਦੀਆਂ ਨੀਤੀਆਂ ਤੇ ਢਿੱਲੀ ਕਾਰਗੁਜ਼ਾਰੀ ਕਾਰਨ ਪਰੇਸ਼ਾਨ ਹਨ। ਕਾਂਗਰਸ ਯੂਥ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਗਿਰਦਾਵਰੀ ਵਿੱਚ ਹੋ ਰਹੀ ਬੇਵਜ੍ਹਾ ਦੇਰੀ ਕਾਰਨ ਕਿਸਾਨਾਂ ਦੀ ਹਾਲਤ ਹੋਰ ਖ਼ਰਾਬ ਹੋ ਰਹੀ ਹੈ। ਜਿਹੜੇ ਕਿਸਾਨ ਆਪਣੀਆਂ ਫਸਲਾਂ ਗਵਾ ਬੈਠੇ ਹਨ, ਉਹ ਅੱਜ ਸਰਕਾਰ ਵੱਲੋਂ ਮੁਆਵਜ਼ੇ ਦੀ ਉਮੀਦ ਵਿੱਚ ਨਿਰਾਸ਼ ਹੋ ਕੇ ਘਰ ਬੈਠੇ ਹਨ।
ਉਨ੍ਹਾਂ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਹਾਲੇ ਤੱਕ ਗਿਰਦਾਵਰੀ ਪੂਰੀ ਨਹੀਂ ਹੋਈ ਅਤੇ ਮੁਆਵਜ਼ੇ ਦਾ ਸਿਰਫ਼ ਵਾਅਦਾ ਹੀ ਕੀਤਾ ਗਿਆ ਹੈ। ਮਹਿੰਦਰਾ ਨੇ ਸਪੱਸ਼ਟ ਕਿਹਾ ਕਿ ਪਹਿਲਾਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ, ਨਾ ਕਿ ਬੱਕਰੀਆਂ ਤੇ ਮੁਰਗੀਆਂ ਵਰਗੀਆਂ ਛੋਟੀਆਂ ਚੀਜ਼ਾਂ ਦੇ ਨੁਕਸਾਨ ਦਾ ਪੈਸਾ ਬਾਅਦ ਵਿੱਚ। ਉਹਨਾਂ ਅੰਕੜੇ ਦੱਸਦੇ ਹੋਏ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਕੁਝ ਜੀਰੀ ਦੀ ਫਸਲ ਬਚੀ ਵੀ ਹੈ, ਉਹ ਸਿਰਫ਼ 30 ਫ਼ੀਸਦੀ ਦੇ ਕਰੀਬ ਹੈ। ਇਸ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਦਿਨੋਂ-ਦਿਨ ਬੇਹਾਲ ਹੋ ਰਹੀ ਹੈ।
ਮਹਿੰਦਰਾ ਨੇ ਦੋਸ਼ ਲਾਇਆ ਕਿ ਮਾਨ ਸਰਕਾਰ ਕਿਸਾਨਾਂ ਨੂੰ ਅਸਲ ਰਾਹਤ ਦੇਣ ਦੀ ਬਜਾਏ ਸਿਰਫ਼ ਸਮਾਂ ਟਪਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਸਰਕਾਰ ਇਸ਼ਤਿਹਾਰਾਂ ਅਤੇ ਦਿੱਲੀ ਆਕਾਵਾਂ ਨੂੰ ਖੁਸ਼ ਕਰਨ ਵਿੱਚ ਜ਼ਿਆਦਾ ਰੁਚੀ ਲੈ ਰਹੀ ਹੈ। ਇਸ ਕਰਕੇ ਪਿੰਡ ਪੱਧਰ ‘ਤੇ ਕਿਸਾਨਾਂ ਦੇ ਮਨ ਵਿੱਚ ਬੇਚੈਨੀ ਵਧ ਰਹੀ ਹੈ ਅਤੇ ਲੋਕਾਂ ਵਿੱਚ ਭਰੋਸਾ ਟੁੱਟ ਰਿਹਾ ਹੈ।
ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਾ ਦਿੱਤਾ ਤਾਂ ਇਹ ਮਾਨ ਸਰਕਾਰ ਲਈ ਵੱਡਾ ਮੁੱਦਾ ਬਣੇਗਾ। “2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੂੰਹ ਦੇ ਬਲ ਗਿਰੇਗੀ ਕਿਉਂਕਿ ਲੋਕਾਂ ਦੇ ਦਿਲਾਂ ਵਿੱਚ ਨਿਰਾਸ਼ਾ ਘੁੱਟ ਰਹੀ ਹੈ। ਉਹਨਾਂ ਸਰਕਾਰ ਨੂੰ ਸਾਫ਼ ਸੁਨੇਹਾ ਦਿੱਤਾ ਕਿ ਕਿਸਾਨਾਂ ਨੂੰ ਹੋਰ ਇੰਤਜ਼ਾਰ ਨਾ ਕਰਵਾਇਆ ਜਾਵੇ ਤੇ ਤੁਰੰਤ ਗਿਰਦਾਵਰੀ ਪੂਰੀ ਕਰਕੇ ਮੁਆਵਜ਼ਾ ਜਾਰੀ ਕੀਤਾ ਜਾਵੇ।








