ਪਟਿਆਲਾ, 20 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪਟਿਆਲਾ ਸ਼ਹਿਰ ਦੇ ਮੇਅਰ ਕੁੰਦਨ ਗੋਗੀਆ ਨੇ ਬੀਤੇ ਦਿਨੀਂ ਮਾਤਾ ਕਾਲੀ ਦੇਵੀ ਮੰਦਰ ਪਹੁੰਚ ਕੇ ਇਤਿਹਾਸਕ ਸਰੋਵਰ ਦੀ ਸਫਾਈ ਕਾਰਜ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਾਚੀਨ ਕਾਲੀ ਮਾਤਾ ਮੰਦਰ ਸਾਰੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਇੱਥੇ ਹਰ ਰੋਜ਼ ਹਜ਼ਾਰਾਂ ਭਗਤ ਦਰਸ਼ਨ ਕਰਨ ਆਉਂਦੇ ਹਨ। ਜਿਸ ਲਈ ਸਰੋਵਰ ਦੀ ਸਫਾਈ ਅਤੇ ਸੁਰੱਖਿਆ ਬਹੁਤ ਜ਼ਰੂਰੀ ਹੈ।
ਮੇਅਰ ਕੁੰਦਨ ਗੋਗੀਆ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਫਾਈ ਦੇ ਕੰਮ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰੋਵਰ ਦੀ ਮਿੱਟੀ, ਗੰਦਗੀ ਅਤੇ ਘਾਹ-ਪੱਤਿਆਂ ਨੂੰ ਹਟਾ ਕੇ ਪਾਣੀ ਦੀ ਗੁਣਵੱਤਾ ਸੁਧਾਰੀ ਜਾਵੇ ਅਤੇ ਨਾਲ ਹੀ ਪਾਣੀ ਦੇ ਨਿਕਾਸ ਲਈ ਲਾਈਨਾਂ ਦੀ ਸਫ਼ਾਈ ਦਾ ਸਹੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਸਰੋਵਰ ਵਿੱਚ ਗੰਦਗੀ ਨਾ ਇਕੱਠੀ ਹੋਵੇ।
ਇਸ ਦੌਰਾਨ ਮੇਅਰ ਨੇ ਸਥਾਨਕ ਲੋਕਾਂ ਅਤੇ ਮੰਦਰ ਪ੍ਰਬੰਧਕਾ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰੋਵਰ ਵਿੱਚ ਪਲਾਸਟਿਕ, ਪੋਲੀਥਿਨ ਜਾਂ ਹੋਰ ਕੂੜਾ ਨਾ ਸੁੱਟਿਆ ਜਾਵੇ, ਕਿਉਂਕਿ ਇਹ ਨਾ ਸਿਰਫ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ ਸਗੋਂ ਭਗਤਾਂ ਦੀ ਸਿਹਤ ਲਈ ਵੀ ਖਤਰਾ ਬਣ ਸਕਦਾ ਹੈ। ਮੇਅਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਨਾਗਰਿਕਾਂ ਦੀ ਜ਼ਿੰਮੇਵਾਰੀ ਵੀ ਉਤਨੀ ਹੀ ਮਹੱਤਵਪੂਰਨ ਹੈ।
ਇਸ ਮੌਕੇ ਨਿਗਮ ਇੰਸਪੈਕਟਰ ਮੋਹਿਤ ਜਿੰਦਲ, ਨਗਰ ਨਿਗਮ ਟੀਮ, ਰਜਿੰਦਰ ਮੋਹਨ ਸੈਕਟਰੀ, ਲੱਕੀ ਲਹਿਲ, ਰਨਬੀਰ ਸਹੋਤਾ, ਇੰਦਰਜੀਤ ਸਿੰਘ ਅਤੇ ਹੋਰ ਟੀਮ ਮੈਬਰ ਮੌਜੂਦ ਸਨ।







