ਪਟਿਆਲਾ, 18 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) – ਆਮ ਆਦਮੀ ਪਾਰਟੀ ਵੱਲੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਡਾ. ਰਣਜੋਧ ਸਿੰਘ ਹਡਾਣਾ ਨੂੰ ਹਲਕਾ ਸਨੌਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਹ ਅਹੁਦਾ ਮਿਲਣ ‘ਤੇ ਹਡਾਣਾ ਦੇ ਘਰ ਵਧਾਈ ਦੇਣ ਲਈ ਇਲਾਕੇ ਦੇ ਲੋਕਾਂ, ਪਾਰਟੀ ਵਰਕਰਾਂ ਅਤੇ ਸਥਾਨਕ ਆਗੂਆਂ ਦੀ ਵੱਡੀ ਗਿਣਤੀ ਪਹੁੰਚੀ।
ਡਾ. ਹਡਾਣਾ ਨੇ ਇਸ ਮੌਕੇ ਕਿਹਾ ਕਿ ਉਹ ਇਹ ਜ਼ਿੰਮੇਵਾਰੀ ਪਰਮਾਤਮਾ ਦੀ ਕਿਰਪਾ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਦੇ ਵਿਸ਼ਵਾਸ਼ ਤੇ ਭਰੋਸੇ ਦਾ ਨਤੀਜਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਉਹ ਸਨੌਰ ਹਲਕੇ ਦੀ ਜਨਤਾ ਦੀ ਹਰ ਸਮੇਂ ਸੇਵਾ ਕਰਨ ਲਈ ਵਚਨਬੱਧ ਹਨ. ਇਸ ਮੌਕੇ ਉਨ੍ਹਾਂ ਹੋਰ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾਂ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਹੈ ਅਤੇ ਇਸੇ ਤਹਿਤ ਹੁਣ ਸਨੌਰ ਹਲਕੇ ਵਿੱਚ ਪਾਰਟੀ ਵਲੋਂ ਵਿਕਾਸ ਦੇ ਨਵੇਂ ਮਾਪਦੰਡ ਸੈੱਟ ਕੀਤੇ ਜਾਣਗੇ। ਡਾ. ਹਡਾਣਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਮਾਨ ਦੇ ਵਿਜ਼ਨ ਅਨੁਸਾਰ ਇਲਾਕੇ ਦੀਆਂ ਮੁਸ਼ਕਲਾਂ ਨੂੰ ਤੁਰੰਤ ਹੱਲ ਕਰਨ ਅਤੇ ਲੋਕਾਂ ਤੱਕ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰਨਗੇ।

ਵੱਡੀ ਗਿਣਤੀ ਵਿੱਚ ਪਹੁੰਚੇ ਪਾਰਟੀ ਆਗੂਆਂ, ਵਰਕਰਾਂ, ਸਥਾਨਕ ਲੋਕਾਂ ਸਮੇਤ ਹਲਕੇ ਦੇ ਲੋਕਾਂ ਨੇ ਡਾ. ਹਡਾਣਾ ਨੂੰ ਫੁੱਲ ਮਾਲਾਵਾਂ ਪਾ ਕੇ ਅਤੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਦੇ ਨਾਲ ਹੀ ਇਸ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀਆਂ। ਲੋਕਾਂ ਨੇ ਕਿਹਾ ਕਿ ਹਡਾਣਾ ਦੀ ਸੋਚ ਹਮੇਸ਼ਾਂ ਲੋਕ-ਕੇਂਦਰਿਤ ਰਹੀ ਹੈ ਅਤੇ ਉਹਨਾਂ ਦੇ ਇੰਚਾਰਜ ਬਣਨ ਨਾਲ ਸਨੌਰ ਹਲਕੇ ਦੇ ਲੋਕਾਂ ਦੀਆਂ ਉਮੀਦਾਂ ਹੋਰ ਵੱਧ ਗਈਆਂ ਹਨ।
ਚੇਅਰਮੈਨ ਹਡਾਣਾ ਨੇ ਲੋਕਾਂ ਦੇ ਪਿਆਰ ਅਤੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪਿਆਰ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਸਨੌਰ ਹਲਕੇ ਦੇ ਵਿਕਾਸ, ਨੌਜਵਾਨਾਂ ਦੇ ਭਵਿੱਖ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੀ ਉਨ੍ਹਾਂ ਦੀ ਪਹਿਲ ਰਹੇਗੀ।