Homeਸੰਸਾਰਉੱਤਰਾਖੰਡ ਵਿੱਚ ਫਿਰ ਮਚੀ ਤਬਾਹੀ, ਚਮੋਲੀ ’ਚ ਫਟਿਆ ਬੱਦਲ

ਉੱਤਰਾਖੰਡ ਵਿੱਚ ਫਿਰ ਮਚੀ ਤਬਾਹੀ, ਚਮੋਲੀ ’ਚ ਫਟਿਆ ਬੱਦਲ

ਉੱਤਰਾਖੰਡ, 18 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਦੇਹਰਾਦੂਨ ਵਿੱਚ ਹੋਈ ਭਾਰੀ ਤਬਾਹੀ ਦੇ 48 ਘੰਟੇ ਵੀ ਨਹੀਂ ਬੀਤੇ ਸਨ ਕਿ ਹੁਣ ਚਮੋਲੀ ਜ਼ਿਲ੍ਹੇ ਵਿੱਚ ਬੱਦਲ ਫਟਣਦੀ ਘਟਨਾ ਨੇ ਇੱਕ ਵਾਰ ਫਿਰ ਭਿਆਨਕ ਮੰਜ਼ਰ ਪੇਸ਼ ਕੀਤਾ ਹੈ। ਬੀਤੀ ਦੇਰ ਰਾਤ ਚਮੋਲੀ ਦੇ ਨੰਦਾਨਗਰ ਘਾਟ ਖੇਤਰ ਵਿੱਚ ਦੋ ਥਾਵਾਂ ‘ਤੇ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਇਸ ਆਫ਼ਤ ਵਿੱਚ 6 ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਅਤੇ 10 ਲੋਕ ਲਾਪਤਾ ਦੱਸੇ ਜਾ ਰਹੇ ਹਨ। ਬੀਤੇ ਦਿਨੀ ਵਾਪਰੀਆਂ ਘਟਨਾਵਾਂ ਵਿੱਚ ਹੁਣ ਤੱਕ, 15 ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਕਈ ਅਜੇ ਵੀ ਲਾਪਤਾ ਹਨ।
ਰਾਜ ਭਰ ਵਿੱਚ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ, ਪਰ ਲਗਾਤਾਰ ਪੈ ਰਹੇ ਮੀਂਹ ਅਤੇ ਖਰਾਬ ਮੌਸਮ ਨੇ ਚੁਣੌਤੀਆਂ ਨੂੰ ਵਧਾ ਦਿੱਤਾ ਹੈ। ਚਮੋਲੀ ਵਿੱਚ ਤਾਜ਼ਾ ਬੱਦਲ ਫਟਣ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਹੈ। SDRF ਅਤੇ NDRF ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਹਨ। ਮੌਸਮ ਵਿਭਾਗ ਨੇ ਅਗਲੇ 20 ਘੰਟਿਆਂ ਲਈ ਰਾਜ ਦੇ ਕਈ ਹਿੱਸਿਆਂ ਲਈ “ਔਰੇਂਜ ਅਲਰਟ” ਜਾਰੀ ਕੀਤਾ ਹੈ, ਜਿਸ ਨਾਲ ਜ਼ਮੀਨ ਖਿਸਕਣ ਅਤੇ ਨਦੀਆਂ ਦੇ ਪੱਧਰ ਵਧਣ ਦੀ ਸੰਭਾਵਨਾ ਵੱਧ ਗਈ ਹੈ।
ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਤਿਵਾੜੀ ਦੇ ਅਨੁਸਾਰ, ਬੀਤੀ ਰਾਤ ਨੂੰ ਨੰਦਾਨਗਰ ਦੇ ਕੁੰਤਰੀ ਲਾਗਾਫਲੀ ਵਾਰਡ ਅਤੇ ਧੁਰਮਾ ਪਿੰਡ ਵਿੱਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ।
ਕੁੰਤਰੀ ਲਾਗਾਫਲੀ ਵਿੱਚ ਛੇ ਘਰ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਏ, ਜਿਸ ਕਾਰਨ 10 ਲੋਕ ਲਾਪਤਾ ਹਨ। ਬਚਾਅ ਟੀਮਾਂ ਨੇ ਦੋ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਧੁਰਮਾ ਪਿੰਡ ਵਿੱਚ ਕਈ ਘਰ, ਦੁਕਾਨਾਂ ਅਤੇ ਵਾਹਨ ਵੀ ਮਲਬੇ ਹੇਠ ਫਸ ਗਏ। ਜਦੋਂ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸੂਚਨਾ ਮਿਲਣ ‘ਤੇ, SDRF, NDRF ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਸਿਹਤ ਵਿਭਾਗ ਨੇ ਇੱਕ ਮੈਡੀਕਲ ਟੀਮ ਅਤੇ ਤਿੰਨ ਐਂਬੂਲੈਂਸਾਂ ਵੀ ਮੌਕੇ ‘ਤੇ ਭੇਜੀਆਂ।
ਟੌਂਸ ਨਦੀ ਭਿਆਨਕ ਰੂਪ ਧਾਰਨ ਕਰ ਗਈ ਹੈ। ਵਿਕਾਸਨਗਰ ਖੇਤਰ ਵਿੱਚ ਟੌਂਸ ਨਦੀ ਦੇ ਤੇਜ਼ ਵਹਾਅ ਵਿੱਚ ਇੱਕ ਟਰੈਕਟਰ-ਟਰਾਲੀ ਵਹਿ ਗਈ, ਜਿਸ ਨਾਲ ਛੇ ਲੋਕ ਮਾਰੇ ਗਏ ਅਤੇ ਚਾਰ ਲਾਪਤਾ ਹੋ ਗਏ।
ਮਸ਼ਹੂਰ ਟਪਕੇਸ਼ਵਰ ਮਹਾਦੇਵ ਮੰਦਰ ਦਾ ਇਲਾਕਾ ਪਾਣੀ ਵਿੱਚ ਡੁੱਬ ਗਿਆ। ਦੇਹਰਾਦੂਨ-ਮਸੂਰੀ ਮਾਰਗ ਸਮੇਤ 10 ਤੋਂ ਵੱਧ ਸੜਕਾਂ ਅਤੇ 5 ਪੁਲ ਪੂਰੀ ਤਰ੍ਹਾਂ ਵਹਿ ਗਏ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਹੁਣ ਤੱਕ ਰਾਜ ਭਰ ਵਿੱਚ ਲਗਭਗ 1,000 ਫਸੇ ਲੋਕਾਂ ਨੂੰ ਬਚਾਇਆ ਗਿਆ ਹੈ। ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਖਰਾਬ ਹੋਈਆਂ ਸੜਕਾਂ ਅਤੇ ਬਿਜਲੀ ਲਾਈਨਾਂ ਦੀ ਮੁਰੰਮਤ ਸਰਕਾਰ ਦੀ ਤਰਜੀਹ ਹੈ। ਹੁਣ ਤੱਕ 85% ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
ਉੱਤਰਾਖੰਡ ਇਸ ਸਮੇਂ ਦੋਹਰੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜਿੱਥੇ ਦੇਹਰਾਦੂਨ ਅਤੇ ਹੋਰ ਜ਼ਿਲ੍ਹਿਆਂ ਵਿੱਚ ਤਬਾਹੀ ਤੋਂ ਉਭਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਉੱਥੇ ਹੀ ਚਮੋਲੀ ਵਿੱਚ ਆਈ ਨਵੀਂ ਆਫ਼ਤ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਦੀ ਚੇਤਾਵਨੀ ਦੇ ਵਿਚਕਾਰ ਲੋਕਾਂ ਨੂੰ ਸੁਰੱਖਿਅਤ ਰੱਖਣਾ ਅਤੇ ਰਾਹਤ ਪ੍ਰਦਾਨ ਕਰਨਾ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments