ਅੰਮ੍ਰਿਤਸਰ, 15 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਉਬਰਾਏ ਨੇ ਅਰਬ ਦੇਸ਼ਾਂ ਵਿਚ ਫਸੇ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਹੈ। ਇਸ ਤਹਿਤ ਉਹਨਾਂ ਦੇ ਟਰੱਸਟ ਨੇ ਦੁਬਈ ਤੋਂ ਕੱਢੇ ਗਏ ਗਏ 8 ਬੇਵੱਸ ਨੌਜਵਾਨਾਂ ਨੂੰ ਸਹਾਰਾ ਦੇ ਕੇ ਉਹਨਾਂ ਦੇ ਘਰ ਪਹੁੰਚਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਉਬਰਾਏ ਨੇ ਦਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਆਤਮਾ ਸਿੰਘ, ਜਲੰਧਰ ਜ਼ਿਲ੍ਹੇ ਨਾਲ ਸਬੰਧਤ ਵਿਜੇ ਕੁਮਾਰ, ਹਰਬੰਸ ਲਾਲ, ਗਗਨ ਕੁਮਾਰ, ਬੱਗਾ ਪ੍ਰਕਾਸ਼ ਤੇ ਅਜੇ ਕੁਮਾਰ ਨੇ ਉਨ੍ਹਾਂ ਨਾਲ ਟੈਲੀਫ਼ੋਨ ‘ਤੇ ਸੰਪਰਕ ਕੀਤਾ ਅਤੇ ਦਸਿਆ ਕਿ ਉਨ੍ਹਾਂ ਦੀ ਕੰਮ ਵਾਲੀ ਕੰਪਨੀ ਵਲੋਂ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਅਤੇ ਆਰਥਕ ਤੇ ਮਾਨਸਕ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਡਾ. ਉਬਰਾਏ ਨੇ ਦਸਿਆ ਕਿ ਇਸ ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਹਨਾਂ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਡਿਪੋਰਟ ਕਰਵਾ ਕੇ ਉਕਤ ਸਾਰਿਆਂ ਦੀਆਂ ਚੇਨੰਈ ਤੋਂ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਦਾ ਇੰਤਜ਼ਾਮ ਕਰਵਾਇਆ। ਇੰਨਾ ਹੀ ਨਹੀਂ ਉਹਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਰਬੱਤ ਦਾ ਭਲਾ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਦੀ ਮੌਜੂਦਗੀ ਵਿਚ ਸਾਰਿਆਂ ਦੇ ਘਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਨਿਭਾਈ।
ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਵਿਦੇਸ਼ ਜਾਣ ਵਾਲੇ ਚਾਹਵਾਨ ਨੌਜਵਾਨ ਜਾਣ ਤੋਂ ਪਹਿਲਾਂ ਆਪਣੀ ਕੰਪਨੀ ਅਤੇ ਏਜੰਟਾਂ ਬਾਰੇ ਪੂਰੀ ਜਾਣਕਾਰੀ ਲੈ ਕੇ ਜਾਣ ਤਾਂ ਜੋ ਵਿਦੇਸ਼ ਵਿਚ ਉਹਨਾਂ ਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ।
ਬੇਰੰਗ ਪਰਤੇ ਨੌਜਵਾਨਾਂ ਨੇ ਕੰਪਨੀ ਉਤੇ ਧੋਖਾਧੜੀ ਦਾ ਲਾਇਆ ਦੋਸ਼
ਵਾਪਿਸ ਪਰਤੇ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਦੀ ਕੰਪਨੀ ਉਹਨਾਂ ਤੋਂ ਡਬਲ ਦਿਹਾੜੀਆਂ ਕਰਵਾਉਂਦੀ ਸੀ ਤੇ ਤਨਖਾਹ ਵੀ ਨਹੀਂ ਦੇ ਰਹੀ ਸੀ। ਡਿਪੋਰਟ ਕਰਾਉਣ ਦੀਆਂ ਧਮਕੀਆਂ ਦਿੰਦੀ ਸੀ ਤੇ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਕੀਤਾ ਜਾਂਦਾ ਸੀ। ਉਹਨਾਂ ਨੂੰ ਦੁਬਈ ਤੋਂ ਅੰਮ੍ਰਿਤਸਰ ਤੱਕ ਦਾ ਸਾਰਾ ਖਰਚਾ ਕਰਨ ਤੇ ਸਹੀ ਸਲਾਮਤ ਘਰ ਪਹੁੰਚਾਉਣ ਲਈ ਸਰਬੱਤ ਦਾ ਭਲਾ ਟਰੱਸਟ ਦਾ ਤੇ ਡਾ. ਓਬਰਾਏ ਦਾ ਤਹਿ ਦਿਲੋਂ ਧੰਨਵਾਦ ਕੀਤਾ।