Home ਸੰਸਾਰ “ਮਨੀਪੁਰ ਦੀ ਧਰਤੀ ਹਿੰਮਤੀ ਤੇ ਬਹਾਦਰ ਲੋਕਾਂ ਦੀ ਧਰਤੀ ਹੈ”—ਪ੍ਰਧਾਨ ਮੰਤਰੀ ਮੋਦੀ

“ਮਨੀਪੁਰ ਦੀ ਧਰਤੀ ਹਿੰਮਤੀ ਤੇ ਬਹਾਦਰ ਲੋਕਾਂ ਦੀ ਧਰਤੀ ਹੈ”—ਪ੍ਰਧਾਨ ਮੰਤਰੀ ਮੋਦੀ

0
PM Modi in Manipur

ਮਨੀਪੁਰ , 13 ਸਤੰਬਰ 2025 (ਸ਼ਹੀਦ—ਏ—ਆਜ਼ਮ ਬਿਓਰੋ): ਆਪਣੇ ਮਨੀਪੁਰ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਨੀਪੁਰ ਦੇ ਦੰਗਾ ਪ੍ਰਭਾਵਿਤ ਖੇਤਰ ਚੁਰਾਚੰਦਪੁਰ ਪਹੁੰਚੇ, ਜਿੱਥੇ ਉਨ੍ਹਾਂ ਦਾ ਉਥੋਂ ਦੀ ਜਨਤਾ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ । ਪ੍ਰਧਾਨ ਮੰਤਰੀ ਨੇ 7,300 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਮੋਦੀ ਨੇ ਮਨੀਪੁਰ ਦੇ ਲੋਕਾਂ ਦੇ ਹੌਂਸਲੇ ਦੀ ਤਾਰੀਫ ਕਰਦਿਆਂ ਕਿਹਾ, “ਮਨੀਪੁਰ ਦੀ ਧਰਤੀ ਹਿੰਮਤ ਅਤੇ ਬਹਾਦਰੀ ਦੀ ਧਰਤੀ ਹੈ।” ਉਨ੍ਹਾਂ ਨੇ ਭਾਰੀ ਬਾਰਿਸ਼ ਅਤੇ ਮੌਸਮ ਦੀ ਖਰਾਬੀ ਕਾਰਨ ਹੈਲੀਕਾਪਟਰ ਦੀ ਬਜਾਏ ਸੜਕ ਯਾਤਰਾ ਰਾਹੀਂ ਮਨੀਪੁਰ ਘੁੰਮਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਸੜਕ ‘ਤੇ ਮਨੀਪੁਰ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਆਪਣੇ ਹੱਥਾਂ ਵਿੱਚ ਤਿਰੰਗਾ ਫੜਿਆ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ, ਇਹ ਪਲ ਉਹਨਾਂ ਨੂੰ ਹਮੇਸ਼ਾ ਮਨੀਪੁਰ ਦੀ ਯਾਦ ਦਿਲਾਉਂਦਾ ਰਹੇਗਾ।

ਪਿਛਲੇ ਦੋ ਸਾਲਾਂ ਤੋਂ ਹਿੰਸਾ ਨਾਲ ਜੂਝ ਰਹੇ ਮਨੀਪੁਰ ਵਿੱਚ ਸ਼ਾਂਤੀ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਕਿਸੇ ਵੀ ਜਗ੍ਹਾ ‘ਤੇ ਸ਼ਾਂਤੀ ਸਥਾਪਤ ਕਰਨਾ ਬਹੁਤ ਮਹੱਤਵਪੂਰਨ ਹੈ।” ਉਨ੍ਹਾਂ ਨੇ ਕਿਹਾ ਕਿ “ਉਮੀਦ ਅਤੇ ਵਿਸ਼ਵਾਸ ਦੀ ਸਵੇਰ ਦਸਤਕ ਦੇ ਰਹੀ ਹੈ।” ਉਨ੍ਹਾਂ ਨੇ ਸਾਰੇ ਸੰਗਠਨਾਂ ਨੂੰ ਸ਼ਾਂਤੀ ਦੇ ਰਾਹ ‘ਤੇ ਅੱਗੇ ਵਧਣ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨੀਪੁਰ ਦੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ 2014 ਤੋਂ, ਸਰਕਾਰ ਨੇ ਦੋ ਪੱਧਰਾਂ ‘ਤੇ ਕੰਮ ਜ਼ਾਰੀ ਕੀਤਾ ਹੈ:

ਪਹਿਲਾ ਸੜਕ ਅਤੇ ਰੇਲਵੇ ਲਈ ਬਜਟ ਵਧਾਇਆ ਗਿਆ ਹੈ। ਪਿਛਲੇ ਕੁਝ ਸਾਲਾਂ ਵਿੱਚ, ਮਨੀਪੁਰ ਵਿੱਚ ਰਾਸ਼ਟਰੀ ਰਾਜਮਾਰਗਾਂ ‘ਤੇ 3,700 ਕਰੋੜ ਰੁਪਏ ਖਰਚ ਕੀਤੇ ਗਏ ਹਨ, ਅਤੇ ਨਵੇਂ ਰਾਜਮਾਰਗਾਂ ‘ਤੇ 8,700 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਦੂਸਰਾ ਪਿੰਡਾਂ ਨੂੰ ਸੜਕਾਂ ਨਾਲ ਜੋੜਨ ਦੇ ਯਤਨ ਕੀਤੇ ਗਏ ਹਨ, ਜਿਸ ਨਾਲ ਰਾਜ ਦੇ ਵਿਕਾਸ ਨੂੰ ਤੇਜ਼ੀ ਮਿਲੀ ਹੈ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਕਾਸ ਦੀ ਇਹ ਗਤੀ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਸਰਕਾਰ ਹਮੇਸ਼ਾ ਮਨੀਪੁਰ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਲਈ ਕਾਰਜ ਕਰਦੀ ਰਹੇਗੀ।

Exit mobile version