ਚੰਡੀਗੜ੍ਹ 12 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਬੱਚਿਆਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਉਣ ਅਤੇ ਅਕਾਦਮਿਕ ਸੈਸ਼ਨ ਵਿੱਚ ਪੂਰਾ ਸਿਲੇਬਸ ਸਮੇਂ ‘ਤੇ ਮੁਕੰਮਲ ਕਰਨ ਲਈ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਵੱਡਾ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹਰ ਮਹੀਨੇ ਮਨਾਈ ਜਾਣ ਵਾਲੀ ਦੂਜੇ ਸ਼ਨੀਵਾਰ ਦੀ ਛੁੱਟੀ ਹੁਣ ਨਹੀਂ ਹੋਵੇਗੀ।
ਡਾਇਰੈਕਟਰ ਸਕੂਲ ਐਜੂਕੇਸ਼ਨ ਐੱਚ. ਪੀ. ਐੱਸ. ਬਰਾੜ ਨੇ ਮਹੱਤਵਪੂਰਨ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਭਾਰੀ ਬਾਰਿਸ਼ ਅਤੇ ਖਰਾਬ ਮੌਸਮ ਕਾਰਨ ਸਕੂਲਾਂ ਵਿੱਚ ਲਗਭਗ ਇੱਕ ਹਫ਼ਤੇ ਦੀਆਂ ਛੁੱਟੀਆਂ ਰਹੀਆਂ। ਇਸ ਕਰਕੇ ਬੱਚਿਆਂ ਦੀ ਪੜ੍ਹਾਈ ‘ਤੇ ਗੰਭੀਰ ਅਸਰ ਪਿਆ ਹੈ ਅਤੇ ਪਾਠਕ੍ਰਮ ਪਿੱਛੇ ਰਹਿ ਗਿਆ ਹੈ। ਇਸ ਫ਼ੈਸਲੇ ਨਾਲ ਹੁਣ ਵਿਦਿਆਰਥੀ ਅਤੇ ਅਧਿਆਪਕ ਦੂਜੇ ਸ਼ਨੀਵਾਰ ਨੂੰ ਵੀ ਨਿਯਮਿਤ ਤੌਰ ‘ਤੇ ਸਕੂਲ ਆਉਣਗੇ। ਵਿਭਾਗ ਨੇ ਸਾਰੇ ਸਕੂਲ ਪ੍ਰਬੰਧਨਾਂ ਨੂੰ ਹੁਕਮ ਦਿੱਤੇ ਹਨ ਕਿ ਇਸ ਨਵੇਂ ਨਿਰਦੇਸ਼ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਪਾਠਕ੍ਰਮ ਦੇ ਨਾਲ ਨਾਲ ਵਿਦਿਆਰਥੀਆਂ ਦੀਆਂ ਹੋਰ ਗਤੀਵਿਧੀਆਂ ਵੀ ਸੁਚਾਰੂ ਢੰਗ ਨਾਲ ਚੱਲ ਸਕਣ।
ਉਨ੍ਹਾਂ ਨੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਇਸ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਤਾਂ ਜੋ ਬੱਚਿਆਂ ਦਾ ਕੋਰਸ ਸਮੇਂ ਸਿਰ ਮੁਕੰਮਲ ਹੋ ਸਕੇ ਅਤੇ ਪੜ੍ਹਾਈ ਦੀ ਗੁਣਵੱਤਾ ਬਰਕਰਾਰ ਰਹੇ। ਵਿਦਿਆਰਥੀਆਂ ਦੇ ਅਕਾਦਮਿਕ ਸੈਸ਼ਨ ਨੂੰ ਸਮੇਂ ‘ਤੇ ਪੂਰਾ ਕਰਨ ਲਈ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਨੁਕਸਾਨ ਤੋਂ ਬਚਾਉਣ ਲਈ ਹੀ ਸ਼ਨੀਵਾਰ ਦੀ ਛੁੱਟੀ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।







